The Summer News
×
Thursday, 09 May 2024

ਪੈਰਾ ਮੈਡੀਕਲ ਟੀਮਾਂ ਵੱਲੋਂ ਘਰ -ਘਰ ਸਰਵੇ ਕਰਕੇ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ ਅਤੇ ਪਾਣੀ ਉਬਾਲ ਕੇ ਵਰਤਣ ਸਬੰਧੀ ਕੀਤਾ ਜਾਗਰੂਕ

ਪਟਿਆਲਾ, 16 ਜੁਲਾਈ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਉੱਤੇ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਪਿੰਡ ਦੌਲਤਪੁਰ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਅਤੇ ਘਰ ਘਰ ਸਰਵੇ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਕਈ ਕਲੋਨੀਆਂ ਅਤੇ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਵੜਨ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਜਿਸ ਦੇ ਚਲਦਿਆਂ ਅੱਜ ਹੜ੍ਹ ਪ੍ਰਭਾਵਿਤ ਪਿੰਡ ਦੌਲਤਪੁਰ ਵਿਖੇ ਮੈਡੀਕਲ ਅਫ਼ਸਰ ਡਾ: ਪ੍ਰਤੀਕ ਖੰਨਾ, ਸੀਐਚਓ ਮਨਪ੍ਰੀਤ ਕੌਰ ਦੇ ਨਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।


ਜਿਸ ਵਿੱਚ 70 ਤੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਸਿਹਤ ਵਿਭਾਗ ਦੀ ਤਰਫ਼ੋਂ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਡਾ: ਨਾਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਸਾਫ਼ ਸੁਥਰਾ ਅਤੇ ਉਬਾਲ ਕੇ ਪੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਦਸਤ, ਉਲਟੀਆਂ, ਬੁਖ਼ਾਰ, ਚਮੜੀ ਦੀ ਐਲਰਜੀ ਵਰਗੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਚੈੱਕਅਪ ਕਰਵਾਇਆ ਜਾਵੇ। ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਮੈਡੀਕਲ ਚੈੱਕਅਪ ਅਤੇ ਦਵਾਈਆਂ ਵੰਡੀਆਂ ਜਾਂਦੀਆਂ ਹਨ। ਇਸ ਦੌਰਾਨ ਏਐਨਐਮ ਬਲਵਿੰਦਰ ਕੌਰ, ਸੁਮਨਦੀਪ ਕੌਰ, ਮਲਟੀਪਰਪਜ਼ ਹੈਲਥ ਵਰਕਰ ਰਜਿੰਦਰ ਕੁਮਾਰ, ਆਸ਼ਾ ਫੈਸੀਲੀਟੇਟਰ ਹਰਿੰਦਰ ਕੌਰ ਅਤੇ ਆਸ਼ਾ ਵਰਕਰਾਂ ਵੱਲੋਂ ਕਰੀਬ 900 ਦੀ ਅਬਾਦੀ ਵਾਲੇ ਪਿੰਡ ਦੌਲਤਪੁਰ ਦਾ ਘਰ ਘਰ ਸਰਵੇ ਕਰਕੇ ਓਆਰਐਸ ਦੇ ਪੈਕੇਟ ਵੰਡੇ ਗਏ ਤੇ ਲੋਕਾਂ ਨੂੰ ਮੱਛਰਾਂ ਦੀ ਪੈਦਾਵਾਰ ਦੇ ਖ਼ਾਤਮੇ ਲਈ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾਉਣ, ਕਟੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਨਾ ਕਰਨ, ਫਲ਼ ਅਤੇ ਸਬਜ਼ੀਆਂ ਨੂੰ ਵਰਤਣ ਤੋਂ ਪਹਿਲਾਂ ਪਾਣੀ ਨਾਲ ਧੋਣ, ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਹੱਥ ਸਾਬਣ ਨਾਲ ਧੋਣ, ਕੂਲਰਾਂ ਵਿੱਚ ਹਰੇਕ ਸ਼ੁੱਕਰਵਾਰ ਪਾਣੀ ਸੁਕਾਉਣ, ਸਿਹਤ ਜਾਗਰੂਕਤਾ ਬਾਰੇ ਜਾਣੂ ਕਰਵਾਇਆ।

Story You May Like