The Summer News
×
Sunday, 19 May 2024

ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਫ਼ਸਲ ਸਬੰਧੀ ਕਿਸਾਨ ਵਿਭਾਗ ਨਾਲ ਸੰਪਰਕ ਰੱਖਣ : ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ, 7 ਜੁਲਾਈ: ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ ਗੁਰਨਾਮ ਸਿੰਘ ਵੱਲੋਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਜਿੱਥੇ ਪਾਣੀ ਅਤੇ ਲੇਬਰ ਦੀ ਬੱਚਤ ਕਰਦੀ ਹੈ, ਉੱਥੇ ਹੀ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਵਿੱਚ ਸਹਾਈ ਹੁੰਦੀ ਹੈ ਅਤੇ ਫ਼ਸਲ 7-10 ਦਿਨ ਪਹਿਲਾਂ ਪੱਕਦੀ ਹੈ ਅਤੇ ਨਾਲ ਹੀ ਝੋਨੇ ਅਤੇ ਕਣਕ ਦੇ ਝਾੜ ਵਿੱਚ 1-1.2 ਕੁਇੰਟਲ ਦਾ ਵਾਧਾ ਹੁੰਦਾ ਹੈ।


ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਤਰ ਵੱਤਰ ਹਾਲਾਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਦੇ ਵੀ ਦੁਪਹਿਰ ਨੂੰ ਨਹੀਂ ਕਰਨੀ ਚਾਹੀਦੀ ਅਤੇ ਇਸ ਦੀ ਬਿਜਾਈ ਪੀ.ਏ.ਯੂ ਲੱਕੀ ਸੀਡ ਡਰਿੱਲ ਨਾਲ ਕਰਨ ਤੇ ਕਰੰਡ ਦੀ ਸਮੱਸਿਆ ਵੀ ਨਹੀਂ ਆਉਂਦੀ। ਤਰ ਵੱਤਰ ਵਿਧੀ ਰਾਹੀ ਬੀਜੇ ਗਏ ਝੋਨੇ ਅਤੇ ਬਾਸਮਤੀ ਨੂੰ ਪਹਿਲੀ ਸਿੰਚਾਈ 21 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਨੇ ਦੱਸਿਆ ਕਿ ਸਵਾਂਕ, ਝੋਨੇ ਦੇ ਮੋਥੇ ਦੀ ਰੋਕਥਾਮ ਲਈ  ਕਿਸਾਨ ਨੋਮਿਨੀਗੋਲਡ 10 ਐਸ ਸੀ 100 ਮਿ:ਲੀ ਪ੍ਰਤੀ ਏਕੜ ਅਤੇ ਚੀਨੀ ਘਾਹ, ਚਿੜੀ ਘਾਹ, ਤੱਕੜੀ ਘਾਹ ਅਤੇ ਮਧਾਣਾ ਲਈ ਰਾਈਸ ਸਟਾਰ 6.7 ਈ ਸੀ 400 ਮਿ:ਲੀ ਪ੍ਰਤੀ ਏਕੜ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਣ ਦਾ ਸਪਰੇਅ ਕਰਨ। ਝੋਨੇ ਦੇ ਚੌੜੇ ਪੱਤੇ ਵਾਲੇ ਨਦੀਨ ਚੁਪੱਤੀ, ਤਾਂਦਲਾ, ਚੁਲਾਈ, ਗੰਢੀ ਵਾਲਾ ਮੋਥਾ ਦੀ ਰੋਕਥਾਮ ਲਈ ਐਲਮਿਕਸ 20 ਡਬਲਯੂ ਪੀ 8 ਗ੍ਰਾਮ 2-4 ਪੱਤਿਆਂ ਦੀ ਅਵਸਥਾ ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹਨ।


ਮੁੱਖ ਖੇਤੀਬਾੜੀ ਅਫ਼ਸਰ ਨੇ ਫ਼ਸਲਾਂ ਵਿੱਚ ਚੂਹਿਆਂ ਦੀ ਰੋਕਥਾਮ ਲਈ 25 ਗ੍ਰਾਮ ਜਿੰਕ ਫਾਸਫਾਈਡ ਜਾਂ 20 ਗ੍ਰਾਮ ਬਰੋਮਾਡਾਇਲੋਨ ਨੂੰ ਖੇਤ ਵਿੱਚ ਵੱਖ ਵੱਖ ਥਾਵਾਂ ਤੇ 2-3 ਦਿਨਾਂ ਲਈ ਰੱਖਣ ਦੀ ਸਿਫ਼ਾਰਿਸ਼ ਕੀਤੀ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਵਿੱਚ ਜੇਕਰ ਬਰਸਾਤ ਕਾਰਨ ਪਾਣੀ ਖੜ੍ਹਾ ਹੈ ਤਾਂ ਤੁਰੰਤ ਕਿਸਾਨ ਪਾਣੀ ਨੂੰ ਖੇਤਾਂ ਵਿੱਚ ਕੱਢਣ ਅਤੇ ਜਿੰਕ ਦੀ ਘਾਟ ਲਈ 10 ਕਿੱਲੋ ਜਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਅਤੇ ਮੱਕੀ ਦੇ ਗੰਡੂਏ ਦੀ ਰੋਕਥਾਮ ਲਈ 30 ਮਿ:ਲੀ ਕੋਰਾਜਨ 60 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਸਪਰੇਅ ਕਰਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਕਿਸਾਨਾਂ ਨੂੰ 50% ਸਬਸਿਡੀ ਉੱਪਰ ਜਿਪਸਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਲਈ ਕਿਸਾਨ ਵੱਖ-ਵੱਖ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਸੰਪਰਕ ਕਰ ਸਕਦੇ ਹਨ।


 

Story You May Like