The Summer News
×
Sunday, 19 May 2024

ਨਿਰਧਾਰਤ ਕੀਮਤਾਂ ਤੋਂ ਵੱਧ ਵਸੂਲਣ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਪਟਿਆਲਾ, 15 ਜੁਲਾਈ: ਵਧੀਕ ਜ਼ਿਲ੍ਹਾ ਮੈਜਿਸਟਰੇਟ ਜਗਜੀਤ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਈ ਦੁਕਾਨਦਾਰਾਂ, ਵਿਅਕਤੀਆਂ, ਮਕੈਨਿਕਾਂ ਅਤੇ ਦਵਾਈਆਂ ਦੇ ਦੁਕਾਨਦਾਰਾਂ ਵੱਲੋਂ ਆਮ ਲੋਕਾਂ ਪਾਸੋਂ ਨਿਰਧਾਰਤ ਕੀਮਤਾਂ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ, ਜੋ ਕਿ ਗਲਤ ਅਤੇ ਗੈਰ ਕਾਨੂੰਨੀ ਹੈ। ਇਸ ਤੋਂ ਇਲਾਵਾ ਸਬਜ਼ੀ ਮੰਡੀਆਂ ਵਿੱਚ ਵੀ ਜ਼ਿਆਦਾ ਕੀਮਤਾਂ ਤੇ ਸਬਜ਼ੀਆਂ ਸਪਲਾਈ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।


ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪਹਿਲਾਂ ਹੀ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ ਤੇ ਕੁਝ ਵਿਅਕਤੀਆਂ ਵੱਲੋਂ ਕੀਮਤਾਂ ਵਧਾਕੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਜ਼ਿਲ੍ਹਾ ਮੰਡੀਕਰਨ ਅਫ਼ਸਰ, ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਮੈਨੇਜਰ ਮਾਰਕਫੈਡ ਅਤੇ ਸਿਵਲ ਸਰਜਨ ਨੂੰ ਆਪਣੇ ਵਿਭਾਗਾਂ ਦੀਆਂ ਟੀਮਾਂ ਬਣਾਕੇ ਚੈਕਿੰਗ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜਿਹੜੇ ਵਿਅਕਤੀ, ਦੁਕਾਨਦਾਰ, ਮੈਕਨਿਕ ਤੇ ਮੰਡੀਆਂ ਵਿੱਚ ਵੱਧ ਕੀਮਤਾਂ 'ਤੇ ਸਾਮਾਨ ਦੇ ਰਹੇ ਹਨ। ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰਿਪੋਰਟ ਇਸ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।


ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਵੱਧ ਕੀਮਤ ਵਸੂਲਦਾ ਹੈ ਤਾਂ ਉਸ ਦੇ ਖਿਲਾਫ਼ ਡੀ.ਐਫ.ਐਸ.ਸੀ. ਦਫ਼ਤਰ ਵਿਖੇ ਹੈਲਪਲਾਈਨ ਨੰਬਰ 0175-2311318 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

Story You May Like