The Summer News
×
Tuesday, 21 May 2024

ਸੇਵਾ ਕੇਂਦਰਾਂ ਵਿਖੇ ਕੇਵਲ ਲਈ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਸਹੂਲਤ ਫੀਸ

ਪਟਿਆਲਾ, 21 ਜੁਲਾਈ: ਪਟਿਆਲਾ ਦੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਕਿਹਾ ਹੈ ਕਿ ਸੇਵਾ ਕੇਂਦਰਾਂ ਵਿਖੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 425 ਸੇਵਾਵਾਂ ਪ੍ਰਦਾਨ ਕਰਨ ਬਦਲੇ ਪੰਜਾਬ ਸਰਕਾਰ ਵੱਲੋਂ ਮਿਤੀ 14 ਅਪ੍ਰੈਲ 2021 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਨਿਰਧਾਰਤ ਕੀਤੀ ਸਹੂਲਤ ਫੀਸ ਹੀ ਇੱਥੋਂ ਸੇਵਾਵਾਂ ਲੈਣ ਵਾਲੇ ਨਾਗਰਿਕਾਂ ਤੋਂ ਵਸੂਲ ਕੀਤੀ ਜਾਂਦੀ ਹੈ।
ਜ਼ਿਲ੍ਹਾ ਮਾਲ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮਾਂ ਮੁਤਾਬਕ ਜ਼ਿਲ੍ਹੇ ਅੰਦਰ ਸਮੇਂ-ਸਮੇਂ 'ਤੇ ਅਸ਼ਟਾਮ ਫ਼ਰੋਸ਼ਾਂ ਵੱਲੋਂ ਲੋਕਾਂ ਤੋਂ ਨਿਰਧਾਰਤ ਰਕਮ ਤੋਂ ਵਾਧੂ ਰਕਮ ਵਸੂਲਣ ਬਾਬਤ ਅਚਨਚੇਤ ਨਿਰੀਖਣ ਵੀ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੇਵਾ ਕੇਂਦਰ ਵਿਖੇ ਮਾਲ ਵਿਭਾਗ ਦੇ ਕਿਸੇ ਵੀ ਰਕਮ ਦੇ ਜਾਂ ਫਿਰ 50 ਰੁਪਏ ਤੋਂ ਲੈਕੇ 500 ਜਾਂ ਹੋਰ ਵਧੇਰੇ ਰਕਮ ਦੇ ਈ-ਸਟੈਂਪ ਪੇਪਰ ਲੈਣ 'ਤੇ ਕੇਵਲ ਪੰਜਾਬ ਸਰਕਾਰ ਵੱਲੋਂ ਨਿਰਧਾਰਤ 10 ਰੁਪਏ ਦੀ ਸਹੂਲਤ ਫੀਸ ਹੀ ਵਸੂਲੀ ਜਾਂਦੀ ਹੈ। ਜਦਕਿ ਅਸਟਾਮ ਫ਼ਰੋਸ਼ਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਕਮਿਸ਼ਨ ਅਦਾ ਕੀਤਾ ਜਾਂਦਾ ਹੈ।


ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਸੇਵਾ ਕੇਂਦਰ ਆਮ ਲੋਕਾਂ ਦੀ ਸੇਵਾ ਲਈ ਹਨ, ਇੱਥੇ ਕੇਵਲ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੇਵਾ ਫੀਸ/ਫੈਸਿਲਟੇਸ਼ਨ ਚਾਰਜ ਹੀ ਵਸੂਲੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਥੇ ਸੇਵਾ ਹਾਸਲ ਕਰਨ ਵਾਲੇ ਨਾਗਰਿਕਾਂ ਤੋਂ ਉਗਰਾਹੀ ਗਈ ਫੀਸ ਦੀ ਸਲਿੱਪ ਦਿੱਤੀ ਜਾਂਦੀ ਹੈ, ਜਿਸ ਉਪਰ ਬਾਕਾਇਦਾ ਤੌਰ 'ਤੇ ਉਗਰਾਹੀ ਗਈ ਫੈਸਿਲੀਟੇਸ਼ਨ ਫੀਸ ਸਮੇਤ ਜੀ.ਐਸ.ਟੀ. ਦਰਜ ਕੀਤੀ ਗਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਅਜਿਹੀ ਕਿਸੇ ਅਫ਼ਵਾਹ ਜਾਂ ਗ਼ਲਤ ਸੂਚਨਾ ਉਪਰ ਵਿਸ਼ਵਾਸ਼ ਨਾ ਕਰਨ ਕਿ ਸੇਵਾ ਕੇਂਦਰ ਵਿਖੇ ਵੱਧ ਫੀਸ ਵਸੂਲੀ ਜਾਂਦੀ ਹੈ, ਕਿਉਂਕਿ ਸੇਵਾ ਕੇਂਦਰ ਵਿਖੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਕਾਪੀ ਮੌਜੂਦ ਹੁੰਦੀ ਹੈ ਅਤੇ ਕੋਈ ਵੀ ਇਸ ਨੂੰ ਦੇਖ ਸਕਦਾ ਹੈ।

Story You May Like