The Summer News
×
Thursday, 16 May 2024

ਗਿਆਨ ਦੇ ਆਦਾਨ ਪ੍ਰਦਾਨ ਲਈ ਮੈਡੀਕਲ ਤੇ ਡੈਂਟਲ ਕਾਲਜਾਂ 'ਚ ਕਰਵਾਏ ਜਾਣਗੇ ਟੀਚਿੰਗ ਐਕਸਚੇਂਜ ਪ੍ਰੋਗਰਾਮ : ਡਾ. ਬਲਬੀਰ ਸਿੰਘ

ਪਟਿਆਲਾ, 15 ਮਾਰਚ: ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਐਮ.ਡੀ.ਐਸ. ਪੈਰੀਡੋਨਟਿਕਸ ਵਿਸ਼ੇ 'ਤੇ ਟੀਚਿੰਗ ਐਕਸਚੇਂਜ ਪ੍ਰੋਗਰਾਮ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਕਸੈਜ਼ ਪ੍ਰੋਗਰਾਮ 'ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਉਪ ਕੁਲਪਤੀ ਅਤੇ ਡਾਇਰੈਕਟਰ ਖੋਜ ਅਤੇ ਸਿੱਖਿਆ ਵਿਭਾਗ ਪੰਜਾਬ ਡਾ. ਅਵਨੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।


ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਡੈਂਟਲ ਕਾਲਜ ਵੱਲੋਂ ਕਰਵਾਏ ਗਏ ਪੈਰੀਡੋਨਟਿਕਸ ਟੀਚਿੰਗ ਐਕਸਚੇਂਜ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਿਆਨ ਦੇ ਆਦਾਨ ਪ੍ਰਦਾਨ ਲਈ ਭਵਿੱਖ 'ਚ ਵੀ ਅਜਿਹੇ ਐਕਸਚੇਂਜ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਹੋਰ ਡੈਂਟਲ ਕਾਲਜਾਂ 'ਚ ਪੀ.ਜੀ. ਕਰਦੇ ਵਿਦਿਆਰਥੀ ਨੂੰ ਇਨ੍ਹਾਂ ਐਕਸਚੇਂਜ ਪ੍ਰੋਗਰਾਮਾਂ 'ਚ ਸ਼ਾਮਲ ਕੀਤਾ ਜਾਵੇਗਾ।


ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਸਿਹਤ ਤੇ ਸਿੱਖਿਆ ਲਈ ਪੰਜਾਬ ਦੇ ਬਜਟ 'ਚ ਵਾਧਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਡੈਂਟਲ ਕਾਲਜਾਂ 'ਚ ਟੀਚਿੰਗ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਅਤੇ ਸਿਵਲ ਹਸਪਤਾਲਾਂ 'ਚ ਡੈਂਟਲ ਡਾਕਟਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਲੋਕਾਂ ਨੂੰ ਮਿਆਰੀ ਤੇ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਉਥੇ ਹੀ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਲਈ ਵੀ ਕੰਮ ਕੀਤਾ ਜਾ ਰਿਹਾ ਹੈ।


ਇਸ ਮੌਕੇ ਸੰਯੁਕਤ ਡਾਇਰੈਕਟਰ (ਡੈਂਟਲ) ਡਾ. ਪੁਨੀਤ ਗਿਰੱਧਰ, ਪ੍ਰਿੰਸੀਪਲ ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ ਡਾ. ਜਗਵਿੰਦਰ ਸਿੰਘ ਮਾਨ, ਪ੍ਰਿੰਸੀਪਲ ਲਕਸ਼ਮੀ ਬਾਈ ਡੈਂਟਲ ਕਾਲਜ ਡਾ. ਆਸ਼ੂਤੋਸ ਨਰੂਲਾ, ਪ੍ਰਿੰਸੀਪਲ ਡੈਂਟਲ ਕਾਲਜ ਸੁਨਾਮ ਡਾ. ਸੰਜੀਵ ਜੈਨ ਅਤੇ ਪ੍ਰਿੰਸੀਪਲ ਗਿਆਨ ਸਾਗਰ ਡੈਂਟਲ ਕਾਲਜ ਡਾ. ਰੰਜਨ ਮਲਹੋਤਰਾ ਵੀ ਮੌਜੂਦ ਸਨ।

Story You May Like