The Summer News
×
Saturday, 04 May 2024

ਵੈਟਨਰੀ ਯੂਨੀਵਰਸਿਟੀ ਨੇ ’ਬਾਇਓਇਨਫਰਮੈਟਿਕਸ’ ਵਿਸ਼ੇ ’ਤੇ ਲਘੂ ਸਿਖਲਾਈ ਕੋਰਸ ਦਾ ਆਯੋਜਨ

ਲੁਧਿਆਣਾ 06 ਅਗਸਤ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਆਨਲਾਈਨ ਅਤੇ ਆਫਲਾਈਨ ਢੰਗ ਨਾਲ ’ਬਾਇਓਇਨਫਰਮੈਟਿਕਸ’ ਵਿਸ਼ੇ ’ਤੇ ਲਘੂ ਕੋਰਸ ਦਾ ਆਯੋਜਨ ਕੀਤਾ।ਪੰਜ ਸੂਬਿਆਂ ਦੇ ਪ੍ਰਤੀਭਾਗੀਆਂ ਨੇ ਆਪਣੇ ਨਾਮ ਦਰਜ ਕਰਵਾਏ।ਇਨ੍ਹਾਂ ਵਿਚ ਸਰਕਾਰੀ ਸੰਸਥਾਵਾਂ ਦੇ ਕਰਮਚਾਰੀ, ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ।ਕੋਰਸ ਦੀ ਸੰਪੂਰਨਤਾ ’ਤੇ ਡਾ. ਮਨੀਸ਼ ਚੈਟਲੀ, ਮੁੱਖ ਮਹਿਮਾਨ, ਡੀਨ, ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਨੇ ਪ੍ਰਮਾਣ ਪੱਤਰ ਤਕਸੀਮ ਕੀਤੇ।ਉਨ੍ਹਾਂ ਨੇ ਸਿਖਲਾਈ ਕੋਰਸ ਦਾ ਮੈਨੁਅਲ ਵੀ ਜਾਰੀ ਕੀਤਾ।


ਪ੍ਰਤੀਭਾਗੀਆਂ ਨੇ ਇਸ ਗੱਲ ’ਤੇ ਪ੍ਰਸੰਸਾ ਜ਼ਾਹਿਰ ਕੀਤੀ ਕਿ ਉਨ੍ਹਾਂ ਨੂੰ ਇਸ ਕੋਰਸ ਰਾਹੀਂ ਬਹੁਤ ਲਾਹੇਵੰਦ ਗਿਆਨ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਇਕ ਸਾਲਾ ਡਿਪਲੋਮਾ ਕੋਰਸ ਕਰਵਾਉਣਾ ਸ਼ੁਰੂ ਕਰੇ ਤਾਂ ਜੋ ਵਿਸ਼ਵ ਭਰ ਵਿਚ ਵਿਕਸਿਤ ਹੋ ਰਹੇ ਰੋਗਾਣੂਆਂ ਨੂੰ ਕਾਬੂ ਕਰਨ ਲਈ ਵਧੇਰੇ ਕੌਸ਼ਲਤਾ ਪ੍ਰਾਪਤ ਕੀਤੀ ਜਾ ਸਕੇ। ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਕੋਰਸ ਨਿਰਦੇਸ਼ਕ ਨੇ ਕਿਹਾ ਕਿ ਕੋਰਸ ਨੂੰ ਲਾਭਦਾਇਕ ਬਨਾਉਣ ਲਈ ਬਹੁਤ ਹੀ ਬਾਰੀਕੀ ਨਾਲ ਕੰਮ ਕੀਤਾ ਗਿਆ ਸੀ।


ਉਨ੍ਹਾਂ ਨੇ ਇਸ ਲਘੂ ਕੋਰਸ ਦੇ ਆਯੋਜਨ ਲਈ ਪੂਰੀ ਟੀਮ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਕਿਉਂਕਿ ਇਸ ਨਾਲ ਨਵੇਂ ਉਭਰਦੇ ਖੋਜਾਰਥੀਆਂ ਦੇ ਹੁਨਰ ਵਿਕਾਸ ਵਿਚ ਵਾਧਾ ਹੋਵੇਗਾ।ਡਾ. ਚੈਟਲੀ ਨੇ ਕਾਲਜ ਵੱਲੋਂ ਪਾਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੋਰਸ ਅਤੇ ਡਿਪਲੋਮੇ ਤੁਰੰਤ ਗਿਆਨ ਦੇਣ ਦੇ ਖੇਤਰ ਵਿਚ ਬਹੁਤ ਫਾਇਦੇਮੰਦ ਸਾਬਿਤ ਹੁੰਦੇ ਹਨ।ਕਾਲਜ ਵੱਲੋਂ ਭਵਿੱਖ ਵਿਚ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਲਈ ਇਕ ਮਹੀਨੇ ਤੋਂ ਚਾਰ ਮਹੀਨੇ ਦੀ ਇੰਟਰਨਸ਼ਿਪ ਕਰਵਾਉਣ ਦੀ ਯੋਜਨਾ ਵੀ ਹੈ ਜਿਸ ਸੰਬੰਧੀ ਵੇਰਵਾ ਯੂਨੀਵਰਸਿਟੀ ਦੀ ਵੈਬਸਾਈਟ ’ਤੇ ਸਾਂਝਾ ਕੀਤਾ ਜਾਏਗਾ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਹ ਲਘੂ ਕੋਰਸ ਕਰਵਾਉਣ ਲਈ ਕਾਲਜ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।


Story You May Like