The Summer News
×
Sunday, 28 April 2024

ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸਵੈ ਰੁਜਗਾਰ ਲਈ ਹੋਰ ਗੰਭੀਰ ਯਤਨ ਕਰਨ ਲਈ ਕਿਹਾ....

 ਕਪੂਰਥਲਾ, 24 ਨਵੰਬਰ : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜਿਲ੍ਹਾ ਕਾਰੋਬਾਰ ਤੇ ਰੁਜ਼ਗਾਰ ਬਿਊਰੋ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦਿਅਕ ਸੰਸਥਾਵਾਂ ਤੇ ਆਪਣੇ ਦਫਤਰ ਵਿਖੇ ਹਰ ਹਫਤੇ ‘ਮੋਟੀਵੇਸ਼ਨਲ ਟਾਕ ’ ਕਰਵਾਉਣ ਦੀ ਵਿਵਸਥਾ ਕਰੇ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਰੁਜਗਾਰ ਪ੍ਰਾਪਤੀ ਤੇ ਸਵੈ ਰੁਜ਼ਗਾਰ ਲਈ ਪ੍ਰੇਰਿਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਵਿਦਿਆਰਥੀਆਂ ਨਾਲ ਰਾਬਤਾ ਕਰਕੇ ਉਨਾਂ ਦੀਆਂ ਲੋੜਾਂ ਅਨੁਸਾਰ ਨੀਤੀ ਨਿਰਮਾਣ ਕਰਨਗੇ ਤੇ ਸਵੈ ਰੁਜ਼ਗਾਰ ਸਥਾਪਨਾ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ।


ਉਹਨਾਂ ਅੱਜ ਬਿਊਰੋ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਦੌਰਾਨ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਕਿ ਬਿਊਰੋ ਦੇ ਅਧਿਕਾਰੀ ਪਹਿਲ ਕਰਕੇ ਉਦਯੋਗਾਂ ਤੇ ਬੱਚਿਆਂ ਦਰਮਿਆਨ ਪੁਲ ਦਾ ਕੰਮ ਕਰਨ ਤਾਂ ਜੋ ਸਿਖਿਆਰਥੀਆਂ ਨੂੰ ਪੇਸ਼ੇਵਰ ਲੀਹਾਂ ’ਤੇ ਸਿਖਲਾਈ ਦੇ ਕੇ ਉਦਯੋਗਾਂ ਦੀ ਹੁਨਰਮੰਦ ਕਾਮਿਆਂ ਸਬੰਧੀ ਲੋੜ ਨੂੰ ਪੂਰਾ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਬਿਊਰੋ ਦੇ ਅਧਿਕਾਰੀ ਫੀਲਡ ਵਿਚ ਵੱਖ-ਵੱਖ ਵਿਦਿਅਕ ਸੰਸਥਾਵਾਂ ਤੇ ਉਦਯੋਗਾਂ ਦਾ ਦੌਰਾ ਕਰਕੇ ਬਾਜ਼ਾਰ ਦੀਆਂ ਲੋੜਾਂ ਨੂੰ ਨੇੜਿਓਂ ਸਮਝਣ ਤੇ ਉਸ ਅਨੁਸਾਰ ਭਵਿੱਖ ਦੀ ਰਣਨੀਤੀ ਉਲੀਕੀ ਜਾਵੇ। ਸਾਰੰਗਲ ਨੇ ਜਿਲ੍ਹੇ ਵਿਚ ਸਵੈ ਰੁਜ਼ਗਾਰ ਲਈ ਬਿਨੈਕਾਰਾਂ ਨੂੰ ਘੱਟ ਕਰਜ਼ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਬਿਊਰੋ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਿਖਿਆਰਥੀਆਂ ਨੂੰ ਸਵੈ ਰੁਜ਼ਗਾਰ ਸਥਾਪਤੀ ਲਈ ਆਸਾਨ ਦਰਾਂ ’ਤੇ ਕਰਜ਼ ਮੁਹੱਈਆ ਕਰਵਾਉਣ ਲਈ ਖੁਦ ਯਤਨਸ਼ੀਲ ਹੋਣ।


ਇਸ ਤੋਂ ਇਲਾਵਾ ਸਮੂਹ ਵਿਦਿਅਕ ਸੰਸਥਾਵਾਂ ਵਿਚ 12 ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਡਾਟਾ ਬੈਂਕ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਊਰੋ ਦੇ ਅਧਿਕਾਰੀ ਵਿਦਿਅਕ ਸੰਸਥਾਵਾਂ ਨਾਲ ਸਿੱਧਾ ਤੇ ਲਗਾਤਾਰ ਰਾਬਤਾ ਰੱਖਣ ਤਾਂ ਜੋ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਬਿਊਰੋ ਵਲੋਂ ਕਾਰਗੁਜ਼ਾਰੀ ਤੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਸਬੰਧੀ ਹਰ ਪੰਦਰਵਾੜੇ ਦੀ ਰਿਪੋਰਟ ਸੌਂਪੀ ਜਾਵੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ, ਜਿਨ੍ਹਾਂ ਕੋਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਾ ਵੀ ਚਾਰਜ ਹੈ, ਨੂੰ ਬਿਊਰੋ ਦੀ ਕਾਰਗੁਜਾਰੀ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਦੇ ਹੁਕਮ ਵੀ ਦਿੱਤੇ ਗਏ। ਇਸ ਮੌਕੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ , ਬਿਊਰੋ ਮੁਖੀ ਨੀਲਮ ਮਹੇ ਵੀ ਹਾਜਰ ਸਨ।


 

Story You May Like