The Summer News
×
Monday, 20 May 2024

ਸਪਰੇਟਾ ਦੁੱਧ ਵਿਚ ਤੇਲ ਮਿਲਾ ਕੇ ਬਣਾਇਆ 337 ਕਿਲੋਗ੍ਰਾਮ ਖੋਆ ਬਰਾਮਦ

ਅੰਮ੍ਰਿਤਸਰ, 3 ਨਵੰਬਰ (ਮੋਹਿਤ ਤਲਵਾਰ)- ਤਿਉਹਾਰਾਂ ਦੇ ਦਿਨਾਂ ਵਿਚ ਮਿਠਾਈ ਦੀ ਮੰਗ ਵੱਧ ਜਾਣ ਕਾਰਨ ਇਸ ਵਿਚ ਨਕਲੀ ਦੁੱਧ ਤੇ ਖੋਏ ਦੀ ਹੁੰਦੀ ਵਰਤੋਂ ਨੂੰ ਸਖਤੀ ਨਾਲ ਰੋਕਣ ਦੀਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਦਿੱਤੀਆਂ ਹਦਾਇਤਾਂ ਦੇ ਚੱਲਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਫੂਡ ਸੇਫਟੀ ਟੀਮ ਨੇ ਬੀਤੀ ਰਾਤ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਵਿਖੇ ਦੋ ਘਰਾਂ ਵਿਚ ਛਾਪਾ ਮਾਰਕੇ ਸਪਰੇਟੇ ਦੁੱਧ ਤੇ ਰਿਫਾਇੰਡ ਤੇਲ ਦੀ ਵਰਤੋਂ ਨਾਲ ਤਿਆਰ ਕੀਤੇ 337 ਕਿਲੋਗ੍ਰਾਮ ਖੋਆ ਬਰਾਮਦ ਕੀਤਾ ਅਤੇ ਦੋਵਾਂ ਘਰਾਂ ਦੇ ਮਾਲਕਾਂ ਉਤੇ ਕੇਸ ਦਰਜ ਕਰਵਾਇਆ ਹੈ।


ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ  ਬੀਤੀ ਸ਼ਾਮ ਜਦ ਸਾਡੀ ਟੀਮ ਨੇ ਮਾਨਾਂਵਾਲਾ ਵਿਖੇ ਦੇਸਾ ਸਿੰਘ ਪੁੱਤਰ ਰੁਲਦਾ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਥੋਂ ਸਪਰੇਟੇ ਦੁੱਧ ਵਿਚ ਰਿਫਾਇੰਡ ਤੇਲ ਪਾ ਕੇ ਖੋਆ ਬਨਾਉਣ ਦਾ ਕੰਮ ਚੱਲ ਰਿਹਾ ਸੀ। ਇਸ ਮੌਕੇ ਅਸੀਂ 50 ਕਿਲੋ ਬਣਿਆ ਹੋਇਆ ਖੋਆ, 18 ਕਿਲੋ ਸਪਰੇਟਾ ਦੁੱਧ ਤੇ 10 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ। ਉਨਾਂ ਦੱਸਿਆ ਕਿ ਇਸੇ ਪਿੰਡ ਦੇ ਹੀ ਇਕ ਹੋਰ ਘਰ ਜੋ ਕਿ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਦਾ ਹੈ, ਵਿਚ ਵੀ ਛਾਪਾ ਮਾਰਨ ਉਤੇ 287 ਕਿਲੋਗ੍ਰਾਮ ਇਸੇ ਤਰਾਂ ਤਿਆਰ ਕੀਤਾ ਖੋਆ, 44 ਕਿਲੋਗ੍ਰਾਮ ਸਪਰੇਟਾ ਦੁੱਧ ਤੇ 105 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ।


ਉਨਾਂ ਕਿਹਾ ਕਿ ਇਨਾਂ ਲੋਕਾਂ ਨੇ ਆਪਣੇ ਘਰਾਂ ਵਿਚ ਗਰਾਇੰਡਰ ਰੱਖੇ ਹੋਏ ਹਨ, ਜੋ ਕਿ ਤੇਲ ਤੇ ਦੁੱਧ ਨੂੰ ਮਿਲਾ ਕੇ ਫਿਰ ਖੋਆ ਬਨਾਉਣ ਦਾ ਕੰਮ ਕਰਦੇ ਸਨ। ਉਨਾਂ ਦੱਸਿਆ ਕਿ ਟੀਮ ਵਿਚ ਮੌਜੂਦ ਫੂਡ ਸੇਫਟੀ ਅਧਿਕਾਰੀ ਸ੍ਰੀਮਤੀ ਕਮਲਦੀਪ ਕੌਰ, ਮਿਸ ਸਾਖਸ਼ੀ ਖੋਸਲਾ, ਸ੍ਰੀ ਅਮਨਦੀਪ ਸਿੰਘ ਤੇ ਅਸ਼ਵਨੀ ਕੁਮਾਰ ਨੇ ਮੌਕੇ ਉਤੇ ਕਾਰਵਾਈ ਕਰਦੇ ਹੋਏ ਸਾਰਾ ਖੋਆ ਨਸ਼ਟ ਕਰਵਾਇਆ ਅਤੇ ਖੋਏ ਦੇ 6 ਨਮੂਨੇ ਅਗਲੀ ਜਾਂਚ ਲਈ ਲੈ ਕੇ ਬਾਕੀ ਪਦਾਰਥ ਜਬਤ ਕਰ ਲਏ। ਉਨਾਂ ਦੱਸਿਆ ਕਿ ਟੀਮ ਨੇ ਸਾਰਾ ਮਾਮਲਾ ਥਾਣਾ ਲੋਪੋਕੇ ਦੇ ਐਸ ਐਚ ਓ ਸ੍ਰੀ ਯਾਦਵਿੰਦਰ ਸਿੰਘ ਦੇ ਧਿਆਨ ਵਿਚ ਲਿਆ ਕੇ ਦੋਵਾਂ ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 273-420 ਅਧੀਨ ਕੇਸ ਦਰਜ ਕਰਵਾ ਦਿੱਤਾ ਹੈ।

Story You May Like