The Summer News
×
Monday, 20 May 2024

9 ਸਾਲਾ ਬੱਚੀ ਨਾਲ ਹੈਵਾਨੀਅਤ, ਖੂਨ ਨਾਲ ਲੱਥਪਥ ਮਾਸੂਮ ਨੂੰ ਛੱਡ ਭੱਜਿਆ ਦਰਿੰਦਾ

ਜਲੰਧਰ : ਕਰਤਾਰਪੁਰ ਵਿਚ ਪੈਂਦੇ ਇਕ ਪਿੰਡ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਲਾਕੇ ਦੇ ਰਹਿਣ ਵਾਲੇ ਲਗਭਗ 35 ਸਾਲਾ ਵਿਅਕਤੀ ਨੇ 9 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਖੂਨ ਨਾਲ ਲੱਥਪਥ ਬੱਚੀ ਨੂੰ ਖੂਹ ਨੇੜੇ ਛੱਡ ਕੇ ਭੱਜ ਗਿਆ। ਬੱਚੀ ਦੇ ਪਰਿਵਾਰਕ ਮੈਂਬਰ ਉਸਨੂੰ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਲੈਕੇ ਗਏ ਤਾਂ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੱਚੀ ਨਾਲ ਜਬਰ-ਜ਼ਿਨਾਹ ਹੋਇਆ ਹੈ। ਬੱਚੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਰੈਫ਼ਰ ਕੀਤਾ ਗਿਆ।


ਜਾਣਕਾਰੀ ਮੁਤਾਬਕ ਬਿਹਾਰ ਦੇ ਰਹਿਣ ਵਾਲੇ ਪਰਵਾਸੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਰਤਾਰਪੁਰ ਦੇ ਇਕ ਪਿੰਡ ਵਿੱਚ ਰਹਿੰਦਾ ਹੈ ਅਤੇ ਮਜ਼ਦੂਰੀ ਦਾ ਕੰਮ ਕਰਦਾ ਹੈ। ਸਵੇਰੇ ਉਹ ਘਰ ‘ਚ ਸੀ ਤਾਂ ਉਸ ਦੀ ਬੱਚੀ ਖੇਡਣ ਲਈ ਘਰ ਤੋਂ ਬਾਹਰ ਚਲੀ ਗਈ। ਕੁੱਝ ਦੇਰ ਬਾਅਦ ਉਸ ਨਾਲ ਖੇਡ ਰਹੇ ਬੱਚਿਆਂ ਨੇ ਦੱਸਿਆ ਕਿ ਉਸ ਦੀ ਬੱਚੀ ਦੀ ਸਿਹਤ ਖ਼ਰਾਬ ਹੋ ਗਈ ਹੈ। ਬੱਚੀ ਨੂੰ ਉਨ੍ਹਾਂ ਨੇ ਖੂਹ ਨੇੜਿਓਂ ਚੁੱਕ ਕੇ ਹਸਪਤਾਲ ਪਹੁੰਚਾਇਆ। ਬੱਚੀ ਨੇ ਉਨ੍ਹਾਂ ਨੂੰ ਦੱਸਿਆ ਕਿ ਯੂ.ਪੀ. ਦਾ ਰਹਿਣ ਵਾਲਾ ਰਾਜੇਸ਼, ਜੋ ਉਨ੍ਹਾਂ ਦੇ ਪਿੰਡ ਵਿੱਚ ਹੀ ਰਹਿੰਦਾ ਹੈ, ਉਹ ਉਸ ਨੂੰ ਖੇਤਾਂ ‘ਚ ਲੈ ਗਿਆ ਅਤੇ ਉਸ ਨਾਲ ਗ਼ਲਤ ਕੰਮ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਬੱਚੀ ਦਾ ਇਲਾਜ ਕਰਨ ਵਾਲੀ ਡਾਕਟਰ ਗੁਰਮੀਤ ਸਹਿਗਲ ਦਾ ਕਹਿਣਾ ਹੈਕਿ ਬੱਚੀ ਨੂੰ ਆਪਰੇਸ਼ਨ ਥੀਏਟਰ ’ਚ ਲਿਜਾ ਕੇ ਉਸ ਦੀ ਸਰਜਰੀ ਕੀਤੀ ਗਈ। ਫਿਲਹਾਲ ਬੱਚੀ ਦੀ ਹਾਲਤ ਨਾਜ਼ੁਕ ਹੈ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।


ਦੂਜੇ ਪਾਸੇ ਡੀ.ਐੱਸ.ਪੀ. ਕਰਤਾਰਪੁਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਮੁਲਜ਼ਮ ਰਾਜੇਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਦੀਆਂ ਟੀਮਾਂ ਕਈ ਥਾਵਾਂ ਤੇ ਛਾਪੇਮਾਰੀ ਕਰ ਰਹੀਆਂ ਹਨ। ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਰਵਾਸੀ ਹੈ ਅਤੇ ਪਿੰਡ ਦੇ ਜਿਸ ਵਿਅਕਤੀ ਕੋਲ ਕੰਮ ਕਰਦਾ ਹੈ, ਉਸ ਨੇ ਵੀ ਮੁਲਜ਼ਮ ਦਾ ਕੋਈ ਪਛਾਣ ਪੱਤਰ ਜਾਂ ਦਸਤਾਵੇਜ਼ ਆਪਣੇ ਕੋਲ ਨਹੀਂ ਰੱਖਿਆ, ਜਿਸ ਤੋਂ ਉਸ ਦੇ ਘਰ ਦਾ ਪਤਾ ਲੱਗ ਸਕੇ। ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦਿਹਾਤੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਰਵਾਸੀਆਂ ਨੂੰ ਕੰਮ ’ਤੇ ਰੱਖਣ ਤੋਂ ਪਹਿਲਾਂ ਜਾਂ ਤਾਂ ਥਾਣਿਆਂ ਵਿਚ ਇਸ ਦੀ ਜਾਣਕਾਰੀ ਦਿਓ ਜਾਂ ਫਿਰ ਪਰਵਾਸੀ ਦਾ ਪਛਾਣ ਪੱਤਰ ਆਪਣੇ ਕੋਲ ਰੱਖੋ।


Story You May Like