The Summer News
×
Monday, 13 May 2024

ਦਸਤਾਂ ਰੋਗ ਨਾਲ ਹੋਣ ਵਾਲੀਆਂ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ

ਪਟਿਆਲਾ  4 ਜੁਲਾਈ : ਸਿਹਤ ਵਿਭਾਗ ਪਟਿਆਲਾ ਵੱਲੋਂ "ਤੀਬਰ ਦਸਤ ਰੋਕੂ ਪੰਦਰਵਾੜਾ" ਸਬੰਧੀ ਸੀ.ਐਚ.ਸੀ. ਤ੍ਰਿਪੜੀ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਬੋਧਨ ਕਰਦਿਆਂ ਸਿਵਲ ਸਰਜਨ ਰਮਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਸਿਹਤ ਵਿਭਾਗ ਪਟਿਆਲਾ ਵੱਲੋਂ ਮਿਤੀ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌ. ਤਾਂ ਦੀ ਗਿਣਤੀ ਨੂੰ ਜ਼ੀਰੋ ’ਤੇ ਲਿਆਉਣਾ ਹੈ। ਪੰਦਰਵਾੜੇ ਦੌਰਾਨ ਸਮੂਹ ਹਸਪਤਾਲਾਂ, ਪੀ.ਐਚ.ਸੀ., ਸੀ.ਐਚ ਸੀ., ਸਬ ਸੈਂਟਰ, ਆਮ ਆਦਮੀ ਕਲੀਨਿਕਾਂ ਆਦਿ ਤੱਕ ਦੇ ਸਿਹਤ ਸੰਸਥਾਵਾਂ ਵਿਚ ਓ ਆਰ ਐਸ ਅਤੇ ਜ਼ਿੰਕ ਕਾਰਨਰ ਵੀ ਬਣਾਏ ਜਾਣਗੇ।


ਉਹਨਾਂ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਜਿੰਨੇ 5 ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕਟ ਦਿੱਤੇ ਜਾਣਗੇ ਤਾਂ ਜੋ ਬੱਚੇ ਨੂੰ ਦਸਤ ਲੱਗਣ ਤੇ ਤੁਰੰਤ ਓ.ਆਰ.ਐਸ ਦਾ ਘੋਲ ਦਿੱਤਾ ਜਾ ਸਕੇ। ਦਸਤ ਲੱਗਣ ਨਾਲ ਬੱਚਿਆਂ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਕਈ ਵਾਰੀ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਲਈ ਜੇਕਰ ਦਸਤ ਲੱਗਣ ਤੇ ਤੁਰੰਤ ਬੱਚੇ ਨੂੰ ਓ.ਆਰ.ਐਸ ਦਾ ਘੋਲ ਦੇ ਦਿੱਤਾ ਜਾਵੇ ਤਾਂ ਜੋ ਬੱਚੇ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ।


ਇਸ ਦੇ ਨਾਲ ਆਸ਼ਾ/ਏ.ਐਨ.ਐਮ ਵੱਲੋਂ ਪਰਿਵਾਰਾਂ ਨੂੰ ਓ.ਆਰ.ਐਸ ਦਾ ਘੋਲ ਤਿਆਰ ਕਰਨ ਤੇ ਬੱਚੇ ਨੂੰ ਦਸਤ ਲੱਗਣ ਤੇ ਘੋਲ ਪਿਲਾਉਣ ਦੀ ਵਿਧੀ ਅਤੇ ਮਾਵਾਂ ਨੂੰ ਨਵ-ਜੰਮਿਆਂ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਤੱਕ ਆਪਣਾ ਦੁੱਧ ਪਿਲਾਉਣ ਅਤੇ ਛੇ ਮਹੀਨੇ ਤੋ ਬਾਅਦ ਓਪਰੀ ਖ਼ੁਰਾਕ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਸਤ ਰੋਕੂ ਪੰਦਰਵਾੜੇ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ  ਸੰਚਾਰ ਦੇ ਵੱਖ ਵੱਖ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਆਮ ਲੋਕ ਤੱਕ ਇਸ ਪੰਦਰਵਾੜੇ ਦੀ ਮਹੱਤਤਾ ਸੰਬੰਧੀ ਸੰਦੇਸ਼ ਘਰ ਘਰ ਤੱਕ ਪਹੁੰਚਾਇਆ ਜਾ ਸਕੇ।


 ਜ਼ਿਲ੍ਹਾ ਟੀਕਾ ਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਦਸਤ ਲੱਗੇ ਹੋਣਗੇ ਉਹਨਾਂ ਨੂੰ ਜ਼ਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਖਾਣ ਲਈ ਦਿੱਤੀਆਂ ਜਾਣਗੀਆਂ ਕਿਉਂਕਿ ਜ਼ਿੰਕ ਦੀ ਗੋਲੀ ਖਾਣ ਨਾਲ ਜਿੱਥੇ ਬੱਚਿਆਂ ਦੇ ਦਸਤ ਜਲਦੀ ਠੀਕ ਹੋਣਗੇ ਉਥੇ ਬੱਚਿਆਂ ਨੂੰ ਦੁਬਾਰਾ ਦਸਤ ਲੱਗਣ ਦੇ ਮੌਕੇ ਵੀ ਘੱਟ ਜਾਣਗੇ। ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਕੁਮਾਰ ਨੇ ਦਸਤਾਂ ਤੋਂ ਬਚਾਅ ਲਈ ਸਹੀ ਤਰੀਕੇ ਨਾਲ ਹੱਥ ਧੋਣ ਦੀ ਤਕਨੀਕ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੀ ਮਾਹਿਰ ਡਾ. ਵਾਸੂ ਨੇ ਦਸਤ ਲੱਗਣ ਤੇ ਘਰੇਲੂ ਉਪਚਾਰ ਅਤੇ ਹਸਪਤਾਲ ਲੈ ਕੇ ਜਾਣ ਸਮੇਂ ਦੀਆਂ ਵੱਖ-ਵੱਖ ਨਿਸ਼ਾਨੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਭਾਗ ਸਿੰਘ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਹਰਪ੍ਰੀਤ ਕੌਰ, ਡਾ. ਨੇਹਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਬੀਰ ਕੌਰ, ਜ਼ਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਜਸਵੀਰ ਕੌਰ, ਨਰਸਿੰਗ ਸਿਸਟਰ ਜ਼ੋਗਿਦਰਜੀਤ ਕੌਰ ਤੇ ਅਰਜਿੰਦਰ ਕੌਰ ,ਏ ਐਨ ਐਮ ਸੁਖਬੀਰ ਕੌਰ, ਆਸ਼ਾ ਦੀਪ ਮਾਲਾ, ਹੋਰ ਸਟਾਫ਼ ਅਤੇ ਮਰੀਜ਼ ਹਾਜ਼ਰ ਸਨ ।

Story You May Like