The Summer News
×
Monday, 20 May 2024

ਬਿਮਾਰੀ ਦੀ ਜਾਗਰੂਕਤਾ ਲਈ ਹਫ਼ਤਾ ਭਰ ਕੀਤੀਆਂ ਜਾਣਗੀਆਂ ਗਤੀਵਿਧੀਆਂ : ਸਿਵਲ ਸਰਜਨ ਡਾ. ਰਮਿੰਦਰ ਕੌਰ

ਪਟਿਆਲਾ, 24 ਜੁਲਾਈ: ਪੀਲੀਆ ਇੱਕ ਜਿਗਰ ਦੀ ਬਿਮਾਰੀ ਹੈ ਅਤੇ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਲਈ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ ਵੱਲੋਂ ਹਫ਼ਤਾ ਭਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਮਨਾਉਣ ਅਤੇ ਇਸ ਸਬੰਧੀ ਹਫ਼ਤਾ ਭਰ ਗਤੀਵਿਧੀਆਂ ਕਰਨ ਦੇ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।


ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਹੈਪੇਟਾਈਟਸ ਇਕ ਜਿਗਰ ਦੀ ਬਿਮਾਰੀ ਹੈ, ਜਿਹੜੀ ਕਿ ਹੈਪੇਟਾਈਟਸ ਵਾਇਰਸ ਕਾਰਨ ਫੈਲਦੀ ਹੈ, ਜੋ ਕਿ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਕਿਹਾ ਬਿਮਾਰੀ ਬਾਰੇ ਜਾਗਰੂਕ ਹੋ ਕੇ ਅਤੇ ਪੂਰਾ ਇਲਾਜ ਕਰਵਾ ਕੇ ਇਸ ਬਿਮਾਰੀ ਦੀ ਗੰਭੀਰਤਾ ਤੋਂ ਬੱਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਹੈਪੇਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜਨਮੇ ਬੱਚੇ ਨੂੰ ਜੇਕਰ 12 ਘੰਟੇ ਦੇ ਅੰਦਰ ਹੈਪੇਟਾਈਟਸ ਬੀ ਦੀ ਐਂਟੀ ਬਾਡੀਜ਼ ਦਾ ਟੀਕਾ ਲਗਾ ਦਿੱਤਾ ਜਾਵੇ ਤਾਂ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਹੈਪੇਟਾਈਟਸ ਬੀ ਤੋਂ ਬਚਾਇਆ ਜਾ ਸਕਦਾ ਹੈ। ਹੈਪੇਟਾਈਟਸ (ਪੀਲੀਆ) ਏ ਅਤੇ ਈ ਦੂਸ਼ਿਤ ਪਾਣੀ ਪੀਣ ਨਾਲ, ਗਲੇ-ਸੜੇ ਫਲ਼ ਆਦਿ ਖਾਣ, ਬਿਨਾਂ ਹੱਥ ਧੋਏ ਖਾਣਾ ਖਾਣ, ਮੱਖੀਆਂ ਦੁਆਰਾ ਦੂਸ਼ਿਤ ਕੀਤਾ ਭੋਜਨ ਖਾਣ ਆਦਿ ਨਾਲ ਹੁੰਦਾ ਹੈ।


ਹਲਕਾ ਬੁਖ਼ਾਰ, ਮਾਸਪੇਸ਼ੀਆਂ ਵਿਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖ਼ਰਾਬ ਹੋਣਾ ਇਸ ਬਿਮਾਰੀ ਦੇ ਲੱਛਣ ਹਨ। ਬਿਮਾਰੀ ਤੋਂ ਬਚਾਅ ਲਈ ਪੀਣ ਵਾਲਾ ਪਾਣੀ ਸਾਫ਼ ਸੁਥਰੇ ਸੋਮਿਆਂ ਤੋਂ ਲਿਆ ਜਾਵੇ, ਗਲੇ-ਸੜੇ ਤੇ ਜ਼ਿਆਦਾ ਪੱਕੇ ਹੋਏ ਫਲ਼ ਖਾਣ ਤੋਂ ਪਰਹੇਜ਼, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਲਾਜ਼ਮੀ ਅਤੇ ਪਖਾਨਿਆਂ ਲਈ ਖੁੱਲ੍ਹੇ ਮੈਦਾਨ ਵਿਚ ਪਖਾਨਾ ਜਾਣ ਦੀ ਥਾਂ ਪਖਾਨਿਆਂ ਦੀ ਵਰਤੋਂ ਕਰਨੀ ਅਤੇ ਸਾਬਣ ਨਾਲ ਹੱਥ ਧੋਣੇ ਯਕੀਨੀ ਬਣਾਏ ਜਾਣ। ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖ਼ੂਨ ਚੜ੍ਹਾਉਣ ਨਾਲ, ਦੂਸ਼ਿਤ ਸਰਿੰਜਾਂ ਦੇ ਇਸਤੇਮਾਲ ਕਰਨ ਨਾਲ, ਬਿਮਾਰੀ ਗ੍ਰਸਤ ਮਰੀਜ਼ ਦੇ ਖ਼ੂਨ ਦੇ ਸੰਪਰਕ ਵਿਚ ਆਉਣ ਨਾਲ, ਅਣ-ਸੁਰੱਖਿਅਤ ਸੰਭੋਗ, ਸਰੀਰ ਉੱਤੇ ਟੈਟੂ ਬਣਵਾਉਣ ਅਤੇ ਨਵਜੰਮੇ ਬੱਚੇ ਨੂੰ ਗ੍ਰਸਤ ਮਾਂ ਤੋਂ ਹੋ ਸਕਦਾ ਹੈ। ਬਿਮਾਰੀ ਤੋਂ ਬਚਾਅ ਲਈ ਡਿਸਪੋਜੇਬਲ ਸਰਿੰਜਾਂ ਸੂਈਆਂ ਦੀ ਵਰਤੋਂ, ਸੁਰੱਖਿਅਤ ਸੰਭੋਗ, ਕੰਡੋਮ ਦਾ ਇਸਤੇਮਾਲ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੇ ਮਰੀਜ਼ਾਂ ਦਾ ਇਲਾਜ ਮਾਤਾ ਕੁਸ਼ੱਲਿਆ ਹਸਪਤਾਲ ਅਤੇ ਰਾਜਿੰਦਰਾ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।


 

Story You May Like