The Summer News
×
Monday, 20 May 2024

'ਕੌਫ਼ੀ ਵਿਦ ਆਫ਼ੀਸਰ' ਪ੍ਰੋਗਰਾਮ ਦੇ ਦੂਜੇ ਸੈਸ਼ਨ 'ਚ ਏ.ਡੀ.ਸੀ. (ਜ) ਮੈਡਮ ਕੰਚਨ ਨੌਜਵਾਨਾਂ ਦੇ ਹੋਏ ਰੂਬਰੂ

ਪਟਿਆਲਾ, 15 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ 'ਕੌਫ਼ੀ ਵਿਦ ਆਫ਼ੀਸਰ' ਦੇ ਅੱਜ ਦੂਜੇ ਸੈਸ਼ਨ ਵਿੱਚ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਕੰਚਨ ਆਈ.ਏ.ਐਸ. ਨੌਜਵਾਨਾਂ ਦੇ ਰੂਬਰੂ ਹੋਏ ਤੇ ਉਨ੍ਹਾਂ ਨੂੰ ਰੋਜ਼ਗਾਰ ਦੀ ਚੋਣ ਕਰਨ ਲਈ ਮਾਰਗ ਦਰਸ਼ਨ ਕੀਤਾ।
ਮੈਡਮ ਕੰਚਨ ਨੇ ਆਪਣੀ ਦਿੱਲੀ ਤੋਂ ਲਾਅ 'ਚ ਗਰੈਜੂਏਸ਼ਨ ਦੀ ਪੜ੍ਹਾਈ ਤੇ ਆਈ.ਏ.ਐਸ. ਬਣਨ ਦਾ ਸਫ਼ਰ ਅਤੇ ਨਿਜੀ ਤਜਰਬਾ ਸਾਂਝਾ ਕਰਦਿਆਂ ਨੌਜਵਾਨਾਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਵਿੱਚ ਸਫਲਤਾ ਲਈ ਮਿਹਨਤ ਬਹੁਤ ਜ਼ਰੂਰੀ ਹੈ ਤੇ ਜੇਕਰ ਹਾਰਡ ਵਰਕ ਤੇ ਸਮਾਰਟ ਵਰਕ ਦਾ ਸੁਮੇਲ ਹੋ ਜਾਵੇ ਤਾਂ ਸਫਲਤਾ 100 ਫ਼ੀਸਦੀ ਮਿਲਦੀ ਹੈ।
ਸਰਕਾਰੀ ਮਹਿੰਦਰਾ ਕਾਲਜ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਆਪਣੇ ਟੀਚੇ ਨਿਰਧਾਰਤ ਕਰਨ ਸਮੇਂ ਆਪਣੀ ਰੁਚੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਜੇਕਰ ਅਸੀ ਆਪਣੀ ਰੁਚੀ ਅਨੁਸਾਰ ਕੈਰੀਅਰ ਦੀ ਚੋਣ ਕਰਾਂਗੇ ਤਾਂ ਨਤੀਜੇ ਸਾਰਥਕ ਸਾਹਮਣੇ ਆਉਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅਧਿਆਪਕਾਂ ਨਾਲ ਕੈਰੀਅਰ ਸਬੰਧੀ ਲਗਾਤਾਰ ਗੱਲ ਕਰਨ ਇਸ ਨਾਲ ਅਧਿਆਪਕਾਂ ਦੇ ਲੰਮੇ ਤਜਰਬੇ ਦਾ ਲਾਭ ਵਿਦਿਆਰਥੀ ਨੂੰ ਮਿਲੇਗਾ।



ਏ.ਡੀ.ਸੀ. ਮੈਡਮ ਕੰਚਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਸਰਪ੍ਰਸਤੀ ਹੇਠ ਏ.ਡੀ.ਸੀ. (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨਾਲ ਹਰ ਮਹੀਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ https://forms.gle/-kF2swdxe8HUy3mtM6 ਲਿੰਕ ਉਪਰ ਰਜਿਸਟਰ ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਬਲਾਕ-ਡੀ ਮਿੰਨੀ ਸਕੱਤਰੇਤ ਦੇ ਦਫ਼ਤਰ ਆ ਕੇ ਮਿਲ ਸਕਦੇ ਹਨ।



ਇਸ ਦੌਰਾਨ ਪੁੱਜੇ ਨੌਜਵਾਨ ਲੜਕੇ ਤੇ ਲੜਕੀਆਂ ਨੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਕਾਫੀ ਉਤਸਾਹਿਤ ਮਹਿਸੂਸ ਕੀਤਾ ਤੇ ਕੈਰੀਅਰ ਤੇ ਰੁਜ਼ਗਾਰ ਦੇ ਮੌਕੇ ਸਬੰਧੀ ਆਪਣੇ ਸ਼ੰਕੇ ਦੂਰ ਕਰਨ ਲਈ ਸਵਾਲ ਜਵਾਬ ਕੀਤੇ। ਪ੍ਰੋਗਰਾਮ ਮੌਕੇ ਰੋਜ਼ਗਾਰ ਅਫ਼ਸਰ ਕੰਵਲ ਪੁਨੀਤ ਕੌਰ, ਡਿਪਟੀ ਸੀਈਓ ਸਤਿੰਦਰ ਸਿੰਘ ਤੇ ਕੈਰੀਅਰ ਕਾਉਂਸਲਰ ਰੂਪਸੀ ਪਾਹੂਜਾ ਵੀ ਮੌਜੂਦ ਸਨ।

Story You May Like