The Summer News
×
Sunday, 19 May 2024

ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਉਪਰੰਤ ਆਸਮਾਨ ਵਿਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ਮੁਹਿੰਮ ਦਾ ਕੀਤਾ ਉਦਘਾਟਨ

ਨਵਾਂਸ਼ਹਿਰ, 28 ਮਈ, 2023: ਸੂਬੇ ਨੂੰ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਸੂਬੇ ਦੇ 12 ਉੱਚ ਜ਼ੋਖਮ ਵਾਲੇ ਜ਼ਿਲ੍ਹਿਆਂ ਲਈ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਨ੍ਹਾਂ 12 ਜ਼ਿਲ੍ਹਿਆਂ ਇਹ ਰਾਊਂਡ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਵਿਚ ਅੰਮਿ੍ਰਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਪਠਾਨਕੋਟ, ਪਟਿਆਲਾ, ਐਸਬੀਐਸ ਨਗਰ ਅਤੇ ਤਰਨਤਾਰਨ ਆਦਿ ਸ਼ਾਮਲ ਹਨ।


ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਅੱਜ ਸੂਬਾ ਪੱਧਰੀ ਸਮਾਰੋਹ ਦੌਰਾਨ ਬੱਚਿਆਂ ਨੂੰ ‘ਓਰਲ ਪੋਲੀਓ ਵੈਕਸੀਨ’ (ਓ.ਪੀ.ਵੀ) ਦੀਆਂ ਬੂੰਦਾਂ ਪਿਲਾਉਣ ਤੋਂ ਬਾਅਦ ਆਸਮਾਨ ਵਿਚ ਰੰਗ-ਬਿਰੰਗੇ ਗੁਬਾਰੇ ਛੱਡ ਕੇ, ਇਸ ਤਿੰਨ ਦਿਨਾਂ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਮ ਐਲ ਏ ਸੰਤੋਸ਼ ਕਟਾਰੀਆ, ਐਮ ਐਲ ਏ ਡਾ. ਨਛੱਤਰ ਪਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਚੇਅਰਮੈਨ ਇੰਪਰੂਵਮੈਂਟ ਟ੍ਰੱਸਟ ਸਤਨਾਮ ਸਿੰਘ ਜਲਵਾਹਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ ਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਰਵਿੰਦਰ ਪਾਲ ਕੌਰ, ਐਸ ਡੀ ਐਮ ਮੇਜਰ ਡਾ. ਸ਼ਿਵਰਾਜ ਸਿੰਘ ਬੱਲ, ਸਿਵਲ ਸਰਜਨ ਡਾ. ਜਸਪ੍ਰੀਤ ਕੌਰ, ਵਿਸ਼ਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ. ਗਗਨ ਸ਼ਰਮਾ ਅਤੇ ਐਸ ਐਮ ਓ ਨਵਾਂਸ਼ਹਿਰ ਡਾ. ਸਤਵਿੰਦਰ ਕੌਰ ਵਾਲੀਆ ਮੌਜੂਦ ਸਨ।


ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਉੱਚ ਜੋਖਮ ਵਾਲੇ 12 ਜ਼ਿਲ੍ਹਿਆਂ ਵਿੱਚ ਜ਼ੀਰੋ ਤੋਂ ਪੰਜ ਸਾਲ ਤੱਕ ਦੇ 14,83,072 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਈਆਂ ਜਾ ਰਹੀਆਂ ਹਨ। ਇਸ ਤਿੰਨ ਦਿਨਾਂ ਮੁਹਿੰਮ ਦੌਰਾਨ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਜੋ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸਮੇਂ-ਸਮੇਂ ’ਤੇ ਆਉਂਦੇ ਰਾਸ਼ਟਰੀ ਅਤੇ ਉਪ ਰਾਸ਼ਟਰੀ ਪਲਸ ਪੋਲੀਓ ਦਿਵਸ ਸਮੇਤ ਨਿਯਮਤ ਟੀਕਾਕਰਨ ਪ੍ਰੋਗਰਾਮ ਦੀ ਮਜ਼ਬੂਤੀ ਨਾਲ ਸੂਬੇ ਦੇ ਹਰ ਬੱਚੇ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।


ਸਿਹਤ ਮੰਤਰੀ ਨੇ ਉਪ ਰਾਸ਼ਟਰੀ ਟੀਕਾਕਰਨ ਦਿਵਸ ਮਨਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਰੰਗਲਾ ਪੰਜਾਬ ਦਾ ਉਦੇਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਜੇਕਰ ਸਾਡੇ ਬੱਚੇ ਸਿਹਤਮੰਦ ਹੋਣਗੇ। ‘ਪੋਲੀਓ ਵੈਕਸੀਨੇਸ਼ਨ ਡਰਾਈਵ’ ਦਾ ਉਦੇਸ਼ ਸਾਡੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣਾ ਹੈ, ਕਿਉਂਕਿ ਸਾਡੇ ਗੁਆਂਢੀ ਦੇਸ਼ ਹਾਲੇ ਵੀ ਪੋਲੀਓ ਮੁਕਤ ਨਹੀਂ ਹਨ, ਇਸ ਲਈ ਸਾਨੂੰ ਚੌਕਸ ਹੋਣਾ ਪੈਣਾ ਹੈ। ਉਨ੍ਹਾ ਦੱਸਿਆ ਕਿ 13 ਜਨਵਰੀ 2011 ਨੂੰ ਪੋਲੀਓ ਦੇ ਆਖਰੀ ਕੇਸ ਦੀ ਰਿਪੋਰਟ ਦੇ ਨਾਲ, ਭਾਰਤ 12 ਸਾਲ ਤੋਂ ਵੱਧ ਸਮੇਂ ਤੋਂ ਪੋਲੀਓ ਮੁਕਤ ਹੈ ਪਰ ਭਾਰਤ, ਗੁਆਂਢੀ ਦੇਸ਼ਾਂ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਤੋਂ ਪੋਲੀਓ ਵਾਇਰਸ ਦੇ ਦੇਸ਼ ਵਿੱਚ ਮੁੜ ਦਾਖਲੇ ਨੂੰ ਰੋਕਣ ਲਈ ਚੌਕਸ ਰਹਿੰਦਾ ਹੈ।


ਇਨ੍ਹਾਂ ਦੇਸ਼ਾਂ ਵਿੱਚ ਵਾਈਲਡ ਪੋਲੀਓ ਵਾਇਰਸ ਹਾਲੇ ਵੀ ਇਹ ਬਿਮਾਰੀ ਫੈਲਾ ਰਿਹਾ ਹੈ। ਇਹ ਪੋਲਿਓ ਵਾਇਰਸ ਸਾਡੇ ਦੇਸ਼ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਵਾਇਰਸ ਉਨ੍ਹਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਪੋਲੀਓ ਦੀਆਂ ਦੋ ਬੂੰਦਾਂ ਸਾਡੇ ਬੱਚਿਆਂ ਦੇ ਉੱਜਵਲ ਭਵਿੱਖ ਬੇਹੱਦ ਅਹਿਮ ਹਨ। ਇਸ ਲਈ ਸੂਬੇ ਦੇ ਸਾਰੇ ਮਾਪਿਆਂ ਨੂੰ ਇਨ੍ਹਾਂ ਤਿੰਨ ਦਿਨਾਂ ਵਿਚ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਸਾਰੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣ ਦੀ ਅਪੀਲ ਕੀਤੀ ਜਾਦੀ ਹੈ। ਮਾਪੇ ਆਪਣੇ ਬੱਚਿਆਂ ਨੂੰ ਦਵਾਈ ਜ਼ਰੂਰ ਪਿਲਾਉਣ ਭਾਵੇਂ ਬੱਚੇ ਦਾ ਜਨਮ ਕੁੱਝ ਘੰਟੇ ਪਹਿਲਾਂ ਹੀ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬਿਮਾਰੀ ਹੋਵੇ, ਕਿਉਂਕਿ ਇਹ ਦਵਾਈ ਪੀਣ ਨਾਲ ਬੱਚੇ ਦੀ ਸਿਹਤ ’ਤੇ ਕੋਈ ਮਾੜਾ ਅਸਰ ਨਹੀਂ ਹੁੰਦਾ।
ਉਨ੍ਹਾਂ ਵੈਕਸੀਨੇਸ਼ਨ ਟੀਮ ਮੈਂਬਰਾਂ ਨੂੰ ਪੋਲੀਓ ਦੀਆਂ ਬੂੰਦਾਂ ਕੋਰੋਨਾ ਸੁਰੱਖਿਆ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖ ਕੇ ਪਿਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੋਲੀਓ ਬੂੰਦਾਂ ਪਿਆਉਣ ਸਮੇਂ ਮਾਸਕ, ਸੈਨੇਟਾਈਜ਼ਰ, ਆਪਸੀ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਪੋਲੀਓ ਦੇ ਨਾਲ-ਨਾਲ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੀ ਸਾਵਧਾਨੀਆਂ ਵਰਤੀਆਂ ਜਾ ਸਕਣ।


ਸੂਬੇ ਵਿੱਚ ਪਲਸ ਪੋਲੀਓ ਮੁਹਿੰਮ ਦੀ ਜਰੂਰਤ ਬਾਰੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੋਲੀਓ ਦਾ ਆਖਰੀ ਕੇਸ ਅਕਤੂਬਰ 2009 ਵਿੱਚ ਲੁਧਿਆਣਾ ਵਿੱਚ ਸਾਹਮਣੇ ਆਇਆ ਸੀ ਪਰ ਫਿਰ ਵੀ ਗੁਆਂਢੀ ਦੇਸ਼ਾਂ ਤੋਂ ਪੋਲੀਓ ਵਾਇਰਸ ਦੇ ਪੰਜਾਬ ਵਿੱਚ ਆਉਣ ਦਾ ਵੱਧ ਖ਼ਤਰਾ ਹੈ। ਇਹੀ ਕਾਰਨ ਹੈ ਕਿ ਸੂਬੇ ਵਿੱਚ ਸਮੇਂ-ਸਮੇਂ ’ਤੇ ਪੋਲੀਓ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ 7054 ਬੂਥ ਬਣਾਏ ਗਏ ਹਨ। ਅੱਜ ਪਹਿਲੇ ਦਿਨ ਬੂਥਾਂ ’ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਅਤੇ ਬਾਕੀ ਦੋ ਦਿਨ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। 13136 ਘਰ-ਘਰ ਜਾਣ ਵਾਲੀਆਂ ਟੀਮਾਂ, 334 ਮੋਬਾਈਲ ਟੀਮਾਂ ਅਤੇ 279 ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ।


ਇਸ ਤੋਂ ਇਲਾਵਾ ਕੁੱਲ 27109 ਵੈਕਸੀਨੇਟਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ 1335 ਸੁਪਰਵਾਈਜ਼ਰ ਵੈਕਸੀਨੇਟਰਾਂ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਟੀਮਾਂ 5109 ਉੱਚ ਜੋਖਮ ਵਾਲੇ ਖੇਤਰਾਂ ਦਾ ਵੀ ਦੌਰਾ ਕਰਨਗੀਆਂ, ਜਿਨ੍ਹਾਂ ਵਿੱਚ 2107 ਝੁੱਗੀਆਂ, 132 ਉਸਾਰੀ ਵਾਲੀਆਂ ਥਾਵਾਂ, 902 ਖਾਨਾਬਦੋਸ਼ ਸਾਈਟਾਂ, 132 ਇੱਟਾਂ ਦੇ ਭੱਠਿਆਂ ਅਤੇ 729 ਹੋਰ ਸਾਈਟਾਂ ਸ਼ਾਮਲ ਹਨ।
ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਸਾਰੇ 12 ਜ਼ਿਲ੍ਹਿਆਂ ਵਿੱਚ ਮੁਹਿੰਮ ਦੀ ਨਿਗਰਾਨੀ ਡੀਐਚਐਸ ਦਫ਼ਤਰ ਅਤੇ ਐਨਪੀਐਸਪੀ-ਡਬਲਯੂਐਚਓ ਮਾਨੀਟਰਾਂ ਦੇ ਸਟੇਟ ਅਬਜ਼ਰਵਰਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ-ਪਾਕਿ ਸਰਹੱਦ ਪਾਰ ਕਰਨ ਵਾਲੇ ਵਿਅਕਤੀਆਂ ਦੀ ਵੈਕਸੀਨੇਸ਼ਨ ਯਕੀਨੀ ਬਣਾਉਣ ਲਈ ਅਟਾਰੀ ਬਾਰਡਰ ’ਤੇ ਟਰਾਂਜ਼ਿਟ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਚੌਕੀ ਵਿਖੇ ਟੀਕਾਕਰਨ ਸਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ।

Story You May Like