The Summer News
×
Monday, 20 May 2024

ਕਿਸਾਨਾਂ ਨੂੰ ਬਗੈਰ ਅੱਗ ਲਾਏ ਸੁਪਰ ਸੀਡਰ ਤੇ ਹੈਪੀ ਸੀਡਰ ਨਾਲ ਹੀ ਕਣਕ ਦੀ ਬਿਜਾਈ ਕਰਨ ਦੀ ਅਪੀਲ

-ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਖਰੀਦ ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦਾ ਜਾਇਜ਼ਾ

 

ਪਟਿਆਲਾ, 20 ਅਕਤੂਬਰ: ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਾੜ ਨੂੰ ਅੱਗ ਲਾਏ ਬਗੈਰ ਕਣਕ ਦੀ ਬਿਜਾਈ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਕਰਨ ਅਤੇ ਜਿੱਥੇ ਕਿਤੇ ਸਰਫੇਸ ਸੀਡਰ ਉਪਲਬੱਧ ਹਨ, ਉਥੇ ਕਣਕ ਦੀ ਬਿਜਾਈ ਸਰਫੇਸ ਸੀਡਰ ਨਾਲ ਕੀਤੀ ਜਾਵੇ। ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਕੇ ਡਿਪਟੀ ਕਮਿਸ਼ਨਰ ਨੇ ਝੋਨੇ ਦੀ ਖਰੀਦ ਤੇ ਲਿਫਟਿੰਗ ਸਮੇਤ ਪਰਾਲੀ ਤੇ ਨਾੜ ਨੂੰ ਅੱਗ ਲਾਉਣ ਦਾ ਜਾਇਜ਼ਾ ਲਿਆ।

 

ਉਨ੍ਹਾਂ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੇ ਦਿਨ ਤੱਕ 3 ਲੱਖ 67 ਹਜ਼ਾਰ 25 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਇਸ ਵਿੱਚੋਂ 3 ਲੱਖ 60 ਹਜ਼ਾਰ 436 ਮੀਟ੍ਰਿਕ ਟਨ ਦੀ ਖਰੀਦ ਕਰਕੇ ਕਿਸਾਨਾਂ ਨੂੰ 675.17 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਸਾਰੀਆਂ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਖਰੀਦੀ ਜਿਣਸ ਦੀ ਲਿਫਟਿੰਗ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।

 

ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵੱਲੋਂ ਉਨ੍ਹਾਂ ਕੋਲ ਉਪਲੱਬਧ ਹੈਪੀ ਤੇ ਸੁਪਰ ਸੀਡਰ ਆਦਿ ਸਾਰੀ ਮਸ਼ੀਨਰੀ ਦੀ ਮੈਪਿੰਗ ਸਾਰੇ ਪਿੰਡਾਂ ਨਾਲ ਕਰਵਾਈ ਜਾ ਚੁੱਕੀ ਹੈ ਅਤੇ ਜਿਸ ਕਿਸੇ ਵੀ ਕਿਸਾਨ ਨੂੰ ਲੋੜ ਹੈ ਉਹ ਕਿਸਾਨ ਮਿੱਤਰ ਵਟਸਐਪਚੈਟਬੋਟ 7380016070 ਦੀ ਮਦਦ ਲੈ ਸਕਦਾ ਹੈ।

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮਿਲ ਸਕੇ ਤਾਂ ਕਿ ਉਹ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ। ਉਨ੍ਹਾਂ ਨੇ ਕਿਹਾ ਕਿ ਹੁਣ ਕਿਉਂਕਿ ਮੌਸਮ ਵਿੱਚ ਤਬਦੀਲੀ ਆਉਣ ਕਰਕੇ ਕਣਕ ਦੀ ਬਿਜਾਈ ਦਾ ਸੀਜਨ ਵੀ ਲਗਪਗ ਸ਼ੁਰੂ ਹੋ ਚੁੱਕਾ ਹੈ, ਇਸ ਲਈ ਕਿਸਾਨ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫੇਸ ਸੀਡਰ ਆਦਿ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਪਰਾਲੀ ਨੂੰ ਜਮੀਨ ਵਿੱਚ ਵਾਹ ਕੇ ਹੀ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਹੋਵੇਗਾ, ਉਥੇ ਹੀ ਵਾਤਾਵਰਣ ਵੀ ਖਰਾਬ ਨਹੀਂ ਹੋਵੇਗਾ।

Story You May Like