The Summer News
×
Monday, 20 May 2024

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਖੇਡ ਤੇ ਯੂਥ ਕਲੱਬਾਂ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪਟਿਆਲਾ, 12 ਜੂਨ : ਯੁਵਕ ਸੇਵਾਵਾਂ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਚਲਾਏ ਜਾਂਦੇ ਪਿੰਡਾਂ ਵਿੱਚ ਸਪੋਰਟਸ ਤੇ ਹੋਰ ਕਲੱਬਾਂ ਅਤੇ ਖਿਡਾਰੀਆਂ ਪ੍ਰਤੀ ਚੱਲ ਰਹੀ ਮੁਹਿੰਮ ਦੀ ਸਮੀਖਿਆ ਕਰਨ ਲਈ ਅੱਜ ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦੇ ਦਫ਼ਤਰ ਵਿਖੇ ਜੱਸੀ ਸੋਹੀਆਂ ਵਾਲਾ ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਨੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਡਾ. ਦਿਲਬਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਦੇ ਨੁਮਾਇੰਦੇ ਨਰੇਸ਼ ਗਜੋਰੀਆ, ਜ਼ਿਲ੍ਹਾ ਨਹਿਰੂ ਯੁਵਾ ਕੇਂਦਰ ਅਫ਼ਸਰ ਨੇਹਾ ਸ਼ਰਮਾ, ਜ਼ਿਲ੍ਹਾ ਉਦਯੋਗ ਕੇਂਦਰ ਤੋਂ ਮੈਨੇਜਰ ਹਰਜਿੰਦਰ ਸਿੰਘ ਨਾਲ ਮੀਟਿੰਗ ਕੀਤੀ। ਇਸ ਮੌਕੇ ਦਫ਼ਤਰ ਉਪ ਅਰਥ ਅਤੇ ਅੰਕੜਾ ਸਲਾਹਕਾਰ ਤੋਂ ਬਿਕਰਮਜੀਤ ਸਿੰਘ ਇਨਵੈਸਟੀਗੇਟਰ ਅਤੇ ਕੁਲਇੰਦਰਜੀਤ ਸਿੰਘ ਮੀਟਿੰਗ ਵਿੱਚ ਹਾਜ਼ਰ ਰਹੇ।


ਮੀਟਿੰਗ ਦੌਰਾਨ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਚੱਲ ਰਹੇ ਸਪੋਰਟਸ ਕਲੱਬਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਪਿੰਡਾਂ ਦੇ ਲੋਕਾਂ ਨੂੰ ਵੱਧ ਚੜ ਕੇ ਸਰਕਾਰ ਵੱਲੋਂ ਚਲਾਏ ਜਾਂਦੇ ਲੋਕ ਭਲਾਈ ਹਿਤ ਕੰਮਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। 


ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਹਰ ਇੱਕ ਪਿੰਡ ਵਿੱਚ ਯੂਥ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਕਲੱਬ ਹੋਣੇ ਚਾਹੀਦੇ ਹਨ। ਜਿਸ ਨਾਲ ਗੈਰ ਵਿਦਿਆਰਥੀਆਂ ਨੌਜਵਾਨਾਂ ਨੂੰ ਸਮਾਜ ਉਸਾਰੀ ਵਿੱਚ ਉੱਘਾ ਰੋਲ ਅਦਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉੱਥੇ ਕਾਲਜ/ਯੂਨੀਵਰਸਿਟੀਆਂ ਦੇ ਵਿਦਿਆਰਥੀਆ ਤੇ ਨੌਜਵਾਨਾਂ ਲਈ ਰੈਡ ਰਿਬਨ ਕਲੱਬ ਚਲਾਏ ਜਾਣਗੇ ਅਤੇ ਸਕੂਲਾਂ ਦੇ ਵਿਦਿਆਰਥੀਆ ਨੌਜਵਾਨਾਂ ਨੂੰ ਕੌਮੀ ਸੇਵਾ ਯੋਜਨਾ ਰਾਹੀਂ ਸਮਾਜ ਭਲਾਈ ਹਿਤ ਉਤਸ਼ਾਹਿਤ ਕੀਤਾ ਜਾਵੇਗਾ ਤੇ ਵਾਤਾਵਰਨ ਨੂੰ ਹਰਿਆਭਰਿਆ ਰੱਖਣ ਲਈ ਯੁਵਕ ਸੇਵਾਵਾਂ ਕਲੱਬਾਂ ਤੋਂ ਹਰ ਪਿੰਡਾਂ/ਸ਼ਹਿਰਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਨੂੰ ਚਲਾਇਆ ਜਾਵੇਗਾ।


ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਪਟਿਆਲਾ ਵੱਲੋਂ ਦੱਸਿਆ ਗਿਆ ਕਿ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਬਲਾਕ ਵਾਰ ਸਟਾਫ਼ ਨਿਯੁਕਤ ਕਰਕੇ ਵੱਖ ਵੱਖ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਜਸਵੀਰ ਸਿੰਘ (ਜੱਸੀ ਸੋਹੀਆਂ ਵਾਲਾ) ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਆਦੇਸ਼ਾਂ ਅਨੁਸਾਰ ਇਮਾਨਦਾਰੀ ਤੇ ਤਨਦੇਹੀ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਖਿਡਾਰੀਆਂ ਅਤੇ ਕਲੱਬਾਂ ਨੂੰ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚੱਲ ਰਹੀਆਂ ਸਕੀਮਾਂ ਦਾ ਲਾਭ ਦਿੱਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਖਿਡਾਰੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ।

Story You May Like