The Summer News
×
Tuesday, 21 May 2024

ਡਿਪਟੀ ਕਮਿਸ਼ਨਰ ਵੱਲੋਂ ਰਾਜਪੁਰਾ ਮੰਡੀ ਦਾ ਅਚਨਚੇਤ ਦੌਰਾ, ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ

ਰਾਜਪੁਰਾ, 8 ਅਕਤੂਬਰ: ''ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਕਿਸਾਨ ਜਾਂ ਉਸਦੀ ਫ਼ਸਲ ਨੂੰ ਰਾਤ ਮੰਡੀ ਵਿੱਚ ਬਿਨ੍ਹਾਂ ਵਿਕੇ ਨਹੀਂ ਕੱਟਣ ਦਿੱਤੀ ਜਾਵੇਗੀ।'' ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਾਜਪੁਰਾ ਦੀ ਮੰਡੀ ਵਿੱਚ ਅਚਨਚੇਤ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਮੌਕੇ ਕੀਤਾ।

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਨਿਰਧਾਰਤ ਨਮੀ ਵਾਲੀ ਸੁੱਕੀ ਫ਼ਸਲ ਹੀ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ ਗਈ ਹੈ ਤਾਂਕਿ ਉਨ੍ਹਾਂ ਦੀ ਫ਼ਸਲ ਮੰਡੀ ਵਿੱਚ ਆਉਣ ਸਾਰ ਹੀ ਵਿਕ ਜਾਵੇ, ਇਸ ਉਪਰੰਤ ਅਦਾਇਗੀ ਵੀ ਡਿਜੀਟਲ ਤਰੀਕੇ ਨਾਲ ਕਿਸਾਨ ਦੇ ਬੈਂਕ ਖਾਤੇ ਵਿੱਚ ਚਲੀ ਜਾਂਦੀ ਹੈ। ਜਦਕਿ ਲਿਫਟਿੰਗ ਵੀ ਨਾਲੋ-ਨਾਲ ਕਰਵਾਈ ਜਾ ਰਹੀ ਹੈ।

 

ਉਨ੍ਹਾਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਸਮੇਂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਜੇਕਰ ਕਿਸੇ ਥਾਂ 'ਤੇ ਕੋਈ ਦਿੱਕਤ ਹੁੰਦੀ ਹੈ ਤਾਂ ਸਬੰਧਤ ਐਸਡੀਐਮਜ਼ ਜਾਂ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਦੀ ਸੰਭਾਂਲ ਲਈ ਕਿਸਾਨਾਂ ਨੂੰ ਬਦਲਵੇਂ ਪ੍ਰਬੰਧ ਵੀ ਕਰਕੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਕਟਾਈ ਇਸ ਵਾਰ ਜਲਦੀ ਹੋਣ ਕਰਕੇ ਕਣਕ ਬੀਜਣ ਨੂੰ ਅਜੇ ਕਾਫ਼ੀ ਸਮਾਂ ਪਿਆ ਹੈ, ਇਸ ਲਈ ਕਿਸਾਨ ਖੇਤਾਂ ਵਿੱਖ ਅੱਗ ਨਾ ਲਗਾਉਣ, ਸਗੋਂ ਪਰਾਲੀ ਦਾ ਖੇਤਾਂ ਵਿੱਚ ਹੀ ਨਿਪਟਾਰਾ ਕਰਨ। ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।

Story You May Like