The Summer News
×
Monday, 20 May 2024

ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ "ਕੌਫ਼ੀ ਵਿਦ ਆਫ਼ੀਸਰ" ਪ੍ਰੋਗਰਾਮ ਦੀ ਸ਼ੁਰੂਆਤ

ਪਟਿਆਲਾ, 13 ਫਰਵਰੀ- ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)  ਡਾ. ਹਰਜਿੰਦਰ ਸਿੰਘ ਬੇਦੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ "ਕੌਫ਼ੀ ਵਿਦ ਆਫ਼ੀਸਰ" ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਹਰ ਮਹੀਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਕੈਰੀਅਰ ਕਾਊਂਸਲਿੰਗ ਅਤੇ ਮਾਰਗ ਦਰਸ਼ਨ, ਟੀਚਾ ਨਿਰਧਾਰਤ ਕਰਨਾ ਅਤੇ ਕੈਰੀਅਰ ਦੇ ਟੀਚਿਆਂ ਦਾ ਵਿਕਾਸ ਕਰਨਾ,  ਨਿੱਜੀ ਸ਼ਕਤੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਮਦਦ ਕਰਨਾ, ਨਿੱਜੀ ਅਤੇ ਸਰਕਾਰੀ ਸੈਕਟਰ ਵਿੱਚ ਕੈਰੀਅਰ/ਨੌਕਰੀ  ਦੇ ਮੌਕਿਆਂ ਬਾਰੇ ਗਿਆਨ ਸਾਂਝਾ ਕਰਨਾ ਅਤੇ ਸਵੈ-ਰੁਜ਼ਗਾਰ ਲਈ ਆਤਮ ਵਿਸ਼ਵਾਸ ਵਧਾਉਣਾ ਹੈ।
ਇਸ ਸਬੰਧੀ ਚਾਹਵਾਨ ਪ੍ਰਾਰਥੀ ਇਸ ਲਿੰਕ https://forms.gle/kF2swdxe8HUy3mtM6 ਤੇ ਰਜਿਸਟਰ ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਬਲਾਕ-ਡੀ ਮਿੰਨੀ ਸਕੱਤਰੇਤ ਦੇ ਦਫ਼ਤਰ ਆ ਕੇ ਮਿਲ ਸਕਦੇ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮਿਤੀ 16 ਫਰਵਰੀ 2024 ਨੂੰ 10-15 ਉਮੀਦਵਾਰਾਂ ਦੀ ਮੁਲਾਕਾਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਾਲ ਕਰਵਾ ਕੇ ਕੀਤੀ ਜਾਵੇਗੀ।

Story You May Like