The Summer News
×
Monday, 20 May 2024

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨਾਲ ਕੱਢੀ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ

ਪਟਿਆਲਾ, 17 ਅਕਤੂਬਰ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰਜੀਤ ਚਾਹਲ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪਟਿਆਲਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ 1 ਅਕਤੂਬਰ ਤੋ. ਚਲਾਈ ਜਾ ਰਹੀ ਹੈ, ਜਿਸ ਤਹਿਤ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਬਿਮਾਰੀ ਨੂੰ ਜੜੋ ਖ਼ਤਮ ਕਰਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।


ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਲੀਗਲ ਲਿਟਰੇਸੀ ਕਲੱਬ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਮੱਘਰ ਸਾਹਿਬ, ਬਹਾਦਰਗੜ੍ਹ, ਸਰਕਾਰੀ ਹਾਈ ਸਕੂਲ ਫ਼ੈਕਟਰੀ ਏਰੀਆ, ਪਟਿਆਲਾ, ਸਨੌਰੀ ਗੇਟ ਪਟਿਆਲਾ ਅਤੇ ਪਬਲਿਕ ਕਾਲਜ ਸਮਾਣਾ ਦੇ ਬੱਚਿਆਂ ਦੁਆਰਾ ਲੋਕਾਂ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਲਿਆਉਣ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਲੀਆਂ ਕੱਢੀਆਂ ਗਈਆਂ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।


ਇਹਨਾਂ ਰੈਲੀਆਂ ਦੌਰਾਨ ਲੋਕਾਂ ਨੂੰ ਨਾਲਸਾ (ਨਸ਼ਾ ਪੀੜਤਾਂ ਨੂੰ ਕਾਨੂੰਨੀ ਸੇਵਾਵਾਂ ਅਤੇ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨਾ) ਸਕੀਮ ਬਾਰੇ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਬੱਚਿਆਂ ਨੇ ਸਿਹਤ, ਆਰਥਿਕਤਾ ਅਤੇ ਸਮਾਜ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਹੋਏ ਪੋਸਟਰ ਬਣਾ ਕੇ ਇਹਨਾਂ ਰੈਲੀਆਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੇ ਨਾਲ ਹੀ ਨਸ਼ਾ ਛਡਾਊ ਕੇਂਦਰ, ਸੀ ਐਚ ਸੀ ਪਾਤੜਾਂ ਅਤੇ ਬੀਰ ਨਸ਼ਾ ਛੁਡਾਊ ਕੇਂਦਰ,ਰਾਜਪੁਰਾ ਵਿੱਚ ਵੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਜਾਗਰੂਕਤਾ ਕੈਂਪ ਲਗਾਏ ਗਏ।


ਇਸ ਤੋਂ ਇਲਾਵਾ ਇਸ ਮੁਹਿੰਮ ਦੇ ਤਹਿਤ ਮੈਡਮ ਮਾਨੀ ਅਰੋੜਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਵੀ ਬੀਰ ਨਸ਼ਾ ਛੁਡਾਊ ਕੇਂਦਰ ਨਾਭਾ ਵਿਖੇ, ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਮੱਘਰ ਸਾਹਿਬ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਕੌਲੀ ਪਟਿਆਲਾ ਵਿਖੇ ਕਾਨੂੰਨੀ ਸਾਖਰਤਾ ਪ੍ਰੋਗਰਾਮ ਕਰਵਾਏ ਗਏ। ਇਹਨਾਂ ਪ੍ਰੋਗਰਾਮਾਂ ਵਿੱਚ ਹਾਜ਼ਰੀਨ ਨੂੰ ਨਾਲਸਾ (ਨਸ਼ਾ ਪੀੜਤਾਂ ਨੂੰ ਕਾਨੂੰਨੀ ਸੇਵਾਵਾਂ ਅਤੇ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨਾ) ਸਕੀਮ ਬਾਰੇ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਸ ਭੈੜੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।


ਇਸ ਮੌਕੇ ਮੈਡਮ ਮਾਨੀ ਅਰੋੜਾ ਨੇ ਦੱਸਿਆ ਕਿ ਇਹ ਮੁਹਿੰਮ ਮਿਤੀ 01.10.2023 ਤੋ 31.10.2023 ਤੱਕ ਚੱਲੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਚਹਿਰੀ ਪਟਿਆਲਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਦਫ਼ਤਰ ਆ ਕੇ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ ਜਾਂ ਦਫ਼ਤਰ ਦੇ ਫ਼ੋਨ ਨੰਬਰ 01752306500 ਤੇ ਵੀ ਗੱਲ ਕੀਤੀ ਜਾ ਸਕਦੀ ਹੈ।

Story You May Like