The Summer News
×
Sunday, 12 May 2024

ਕਮਿਊਨਿਟੀ ਸਿਹਤ ਕੇਂਦਰ ਘਨੌਰ ਵਿਖੇ ਮਨਾਇਆ ਜ਼ਿਲ੍ਹਾ ਪੱਧਰੀ ਵਿਸ਼ਵ ਮਲੇਰੀਆ ਦਿਵਸ

ਪਟਿਆਲਾ 25 ਅਪ੍ਰੈਲ : ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਥੀਮ " ਟਾਈਮ ਟੂ ਡਲਿਵਰੀ ਜ਼ੀਰੋ ਮਲੇਰੀਆ " ਤਹਿਤ ਅੱਜ ਵਿਸ਼ਵ ਮਲੇਰੀਆ ਦਿਵਸ ਕਮਿਊਨਿਟੀ ਸਿਹਤ ਕੇਂਦਰ ਘਨੌਰ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਮਿਊਨਿਟੀ ਸਿਹਤ ਕੇਂਦਰ ਘਨੌਰ ਦੇ ਸਟਾਫ਼ ਵੱਲੋਂ ਆਏ ਅਧਿਕਾਰੀਆਂ ਨੂੰ ਜੀ ਆਇਆ ਕਿਹਾ।


ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆ ਬਿਮਾਰੀਆਂ ਮਲੇਰੀਆ, ਡੇਂਗੂ, ਚਿਕਨਗੁਨੀਆਂ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਖੜੇ ਪਾਣੀ ਦੇ ਸਰੋਤਾ ਨੂੰ ਖਤਮ ਕੀਤਾ ਜਾਵੇ।ਉਹਨਾਂ ਵਿਦਿਆਰਥੀਆਂ ਅਤੇ ਆਏ ਸਿਹਤ ਕਰਮੀਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ/ ਮੁਹੱਲਿਆਂ ਵਿੱਚ ਘਰੋਂ ਘਰੀ ਖੜੇ ਪਾਣੀ ਦੇ ਸਰੋਤ ਚੈਕ ਕਰਨ ਅਤੇ ਮਲੇਰੀਆਂ/ਡੇਂਗੂ ਦੇ ਖਾਤਮੇ ਲਈ ਰਲ-ਮਿਲ ਕੇ ਹੰਭਲਾ ਮਾਰਨ ਤੇ ਜ਼ੋਰ ਦਿੱਤਾ।


ਉਹਨਾਂ ਸਿਹਤ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਜਨਤਾ ਨੂੰ ਪਬਲਿਕ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੋਕਿ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ।ਉਹਨਾਂ ਕਿਹਾ ਕਿ ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਪਰਜੀਵੀਆਂ ਦਵਾਰਾ ਹੁੰਦੀ ਹੈ ਜੋ ਸੰਕਰਮਿਤ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਜੋ ਕਿ ਇਲਾਜ ਯੋਗ ਹੈ।ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਮਲੇਰੀਆ ਦੇ ਸਥਾਨਕ ਪ੍ਰਸਾਰਣ (ਲੋਕਲ ਟਰਾਂਸਮਿਸ਼ਨ) ਦੀ ਮੁੜ ਸਥਾਪਨਾ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਜਾਰੀ ਹਨ।ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ।


ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਤਿੰਨ  ਸਾਲਾਂ ਦੌਰਾਨ ਮਲੇਰੀਆ ਦਾ ਲੋਕਲ ਕੇਸ ਨਹੀਂ ਪਾਇਆ ਗਿਆ।ਜਿਸ ਨਾਲ ਅਸੀਂ ਜ਼ਿਲ੍ਹਾ ਪਟਿਆਲਾ ਨੂੰ ਮਲੇਰੀਆ ਐਲੀਮੀਨੇਟ ਕਰਨ ਦਾ ਟੀਚਾ ਪੁਰਾ ਕਰ ਲਿਆ ਹੈ ਅਤੇ ਹੁਣ ਜ਼ਿਲ੍ਹੇ ਵਿੱਚ ਕੰਮ ਕਾਜ ਲਈ ਬਾਹਰੀ ਰਾਜਾਂ ਤੋਂ ਆ ਰਹੀ ਲੇਬਰ ਦੀ ਸਕਰੀਨਿੰਗ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅੱਗੇ ਲੋਕਲ ਟਰਾਂਸਮਿਸ਼ਨ ਨਾ ਹੋ ਸਕੇ।ਇਸ ਦੇ ਨਾਲ ਹੀ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆਂ ਆਦਿ ਦੀ ਰੋਕਥਾਮ ਲਈ ਮੱਛਰਾਂ ਦੇ ਲਾਰਵਾ ਨੂੰ ਖਤਮ ਕਰਨ ਲਈ ਤਲਾਬ/ਟੋਭਿਆਂ ਵਿੱਚ ਗੰਬੂਜੀਆ ਮੱਛਲੀ ਛੱਡਣਾ, ਖੜੇ ਪਾਣੀ ਵਿੱਚ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕਰਨਾ ਜਾਰੀ ਹੈ।ਉਹਨਾਂ ਕਿਹਾ ਕਿ ਪ੍ਰਾਈਵੇਟ ਖੇਤਰ ਵਿੱਚ ਮਲੇਰੀਆ ਕੇਸਾਂ ਦੀ ਨੋਟੀਫ਼ਿਕੇਸ਼ਨ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕੇਸ ਸਾਹਮਣੇ ਆਉਣ ਤੇ ਵਿਭਾਗ ਵੱਲੋਂ ਸਮੇਂ ਸਿਰ ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕੀਤੇ ਜਾ ਸਕਣ।ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਤੋ ਮਲੇਰੀਆ ਮੁਕਤ ਪ੍ਰਮਾਣਤਾ ਲੈਣ ਲਈ ਮਲੇਰੀਆ ਜਾਂਚ ਦੇ ਟੀਚੇ ਵਧਾ ਕੇ 10 ਪ੍ਰਤੀਸ਼ਤ ਸਲਾਨਾ ਅਬਾਦੀ ਦੇ ਹਿਸਾਬ ਨਾਲ ਵਧਾ ਦਿੱਤੇ ਗਏ ਹਨ ਤਾਂ ਜੋ ਪੁਖ਼ਤਾ ਤੋਰ ਤੇ ਮਲੇਰੀਆ ਉਣਮੂਲਣ ਦੀ ਪ੍ਰਾਪਤੀ ਕੀਤੀ ਜਾ ਸਕੇ ।


ਇਸ ਮੌਕੇ ਵਿਦਿਆਰਥੀਆਂ ਵੱਲੋਂ ਮਲੇਰੀਆ ਤੋਂ ਮੁਕਤੀ ਦੇ ਸੰਦੇਸ਼ ਨਾਲ ਸਾਈਕਲ ਰੈਲੀ ਵੀ ਕਢਵਾਈ ਗਈ ਜਿਸ ਨੂੰ   ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਘਨੌਰ ਡਾ. ਕਿਰਨਜੋਤ , ਸੀਨੀਅਰ ਮੈਡੀਕਲ ਅਫ਼ਸਰ ਹਰਪਾਲਪੁਰ ਡਾ. ਰਾਜਨੀਤ ਰੰਧਾਵਾ ,ਜ਼ਿਲ੍ਹਾ ਐਪੀਡੋਮੋਲੋਜਿਸਟ( ਆਈ.ਡੀ.ਐਸ.ਪੀ)  ਡਾ. ਦਿਵਯਜੋਤ ਸਿੰਘ, ਮੈਡੀਕਲ ਸਟਾਫ਼, ਸਹਾਇਕ ਮਲੇਰੀਆ ਅਫ਼ਸਰ ਗੁਰਜੰਟ ਸਿੰਘ ਅਤੇ ਬਿਕਰਮ ਸਿੰਘ ,ਡਿਪਟੀ ਮਾਸ ਮੀਡੀਆ ਅਫ਼ਸਰ ਜਸਜੀਤ ਕੌਰ, ਐਸ.ਆਈ ਰਣ ਸਿੰਘ, ਸਿਹਤ ਵਿਭਾਗ ਦੇ ਕਰਮਚਾਰੀ, ਕਮਿਊਨਿਟੀ ਸਿਹਤ ਕੇਂਦਰ ਦਾ ਫੈਕਲਟੀ ਸਟਾਫ਼, ਵਿਦਿਆਰਥੀ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਲੋਕ ਵੀ ਹਾਜ਼ਰ ਸਨ।    
 

Story You May Like