The Summer News
×
Monday, 20 May 2024

13 ਤੋਂ 15 ਜਨਵਰੀ ਤੱਕ ਮਾਘੀ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਲੱਗੇਗੀ ਹੁਨਰ ਹਾਟ

4 ਅਤੇ 15 ਜਨਵਰੀ ਨੂੰ ਲਾਇਟ ਐਂਡ ਸਾਊਂਡ ਸ਼ੋਅ ਹੋਵੇਗਾ ਖਿੱਚ ਦਾ ਕੇਂਦਰ


ਡਿਪਟੀ ਕਮਿਸ਼ਨਰ ਵੱਲੋਂ ਤਿਆਰੀਆਂ ਦਾ ਜਾਇਜ਼ਾ


ਸ੍ਰੀ ਮੁਕਤਸਰ ਸਾਹਿਬ, 10 ਜਨਵਰੀ : ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਵਾਰ 40 ਮੁਕਤਿਆਂ ਦੀ ਯਾਦ ਵਿਚ ਮਿਤੀ 13 ਤੋਂ 15 ਜਨਵਰੀ ਤੱਕ ਮਾਘੀ ਮੌਕੇ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਹੁਨਰ ਹਾਟ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿੱਥੇ ਵੱਖ ਵੱਖ ਦਸਤਕਾਰ ਅਤੇ ਸਵੈ ਸਹਾਇਤਾ ਸਮੂਹ ਆਪਣੀਆਂ ਸਟਾਲਾਂ ਲਗਾਉਣਗੇ। ਇਸ ਤੋਂ ਬਿਨ੍ਹਾਂ 14 ਅਤੇ 15 ਜਨਵਰੀ ਦੀ ਸ਼ਾਮ ਨੂੰ ਇੱਥੇ ਹੀ ਸਰਬੰਸ਼ਦਾਨੀ ਸਿਰਲੇਖ ਹੇਠ ਪੰਜਾਬ ਆਰਟ ਗਰੁੱਪ ਵੱਲੋਂ ਲਾਇਟ ਐਂਡ ਸਾਊਂਡ ਪ੍ਰੋਗਰਾਮ ਦੀ ਪੇਸ਼ਕਸ ਕੀਤੀ ਜਾਵੇਗੀ, ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਗੌਰਵਸ਼ਾਲੀ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ।


ਇਸ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਆਈਏਐਸ ਨੇ ਅੱਜ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪਹੁੰਚ ਕੇ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ 14 ਅਤੇ 15 ਜਨਵਰੀ ਨੂੰ ਸ਼ਾਮ 5 ਤੋਂ ਹੋਣ ਵਾਲੇ ਇਸ ਸਮਾਗਮ ਅਤੇ ਲਾਇਟ ਐਂਡ ਸਾਊਂਡ ਪ੍ਰੋਗਰਾਮ ਰਾਹੀਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਸਾਡੇ ਮਹਾਨ ਇਤਿਹਾਸ ਬਾਰੇ ਸਾਡੇ ਬੱਚਿਆਂ ਨੂੰ ਦੱਸਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਦਾਖਲਾ ਮੁਫ਼ਤ ਹੋਵੇਗਾ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਅਤੇ ਸੰਗਤਾਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ। ਗੱਤਕਾ ਅਤੇ ਕਵੀਸਰੀਆਂ ਦੀ ਪੇਸ਼ਕਾਰੀ ਵੀ ਵਿਸੇਸ਼ ਖਿੱਚ ਦਾ ਕੇਂਦਰ ਹੋਵੇਗੀ।


ਇਸੇ ਤਰਾਂ ਇੱਥੇ 13 ਜਨਵਰੀ ਤੋਂ ਤਿੰਨ ਦਿਨ ਲਈ ਸਵੇਰ ਤੋਂ ਸ਼ਾਮ ਤੱਕ ਹੁਨਰ ਹਾਟ ਤਹਿਤ ਵੱਖ ਵੱਖ ਦਸਤਕਾਰਾਂ ਦੇ ਸਮਾਨ, ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਸਮਾਨ, ਪ੍ਰਗਤੀਸ਼ੀਲ ਕਿਸਾਨਾਂ ਵੱਲੋਂ ਤਿਆਰ ਕੁਦਰਤੀ ਭੋਜਨ ਆਦਿ ਦੇ ਸਟਾਲ, ਪੁਸਤਕ ਪ੍ਰਦਰਸ਼ਨੀਆਂ, ਰਵਾਇਤੀਆਂ ਖਾਣਿਆਂ ਦੇ ਸਟਾਲ ਲਗਾਏ ਜਾਣਗੇ। ਇੱਥੇ ਦਸਤਾਰ ਸਿਖਲਾਈ ਕੈਂਪ ਵੀ ਇਸਦਾ ਭਾਗ ਹੋਵੇਗਾ। ਉਨ੍ਹਾਂ ਨੇ ਸਮੂਹ ਜਿ਼ਲ੍ਹਾ ਵਾਸੀਆਂ ਨੂੰ ਇਸ ਹੁਨਰ ਹਾਟ ਦਾ ਲਾਹਾ ਲੈਣ ਦੀ ਅਪਲ ਕਰਦਿਆਂ ਇਸ ਵਿਚ ਪਹੁੰਚਣ ਦਾ ਸੱਦਾ ਦਿੱਤਾ।


ਇਸ ਮੌਕੇ ਉਨ੍ਹਾਂ ਨੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਸਮੇਂ ਸਿਰ ਕਰ ਲਈਆਂ ਜਾਣ।


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਨਯਨ, ਐਸਡੀਐਮ ਸ੍ਰੀ ਕੰਵਰਜੀਤ ਸਿੰਘ, ਤਹਿਸੀਲਦਾਰ ਸ੍ਰੀ ਸੁਖਬੀਰ ਸਿੰਘ ਬਰਾੜ, ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਜਗਮੋਹਨ ਸਿੰਘ ਮਾਨ, ਡਿਪਟੀ ਡੀਈਓ ਕਪਿਲ ਸ਼ਰਮਾ ਵੀ ਹਾਜਰ ਸਨ।


 

Story You May Like