The Summer News
×
Thursday, 09 May 2024

ਬਿਮਾਰੀਆਂ ਤੋਂ ਬਚਾਅ ਲਈ ਸਿਹਤ ਟੀਮਾਂ ਕਰ ਰਹੀਆਂ ਹਰ ਸੰਭਵ ਯਤਨ- ਐੱਸ.ਐਮ.ਓ ਡਾ. ਸੁਰਿੰਦਰਪਾਲ ਕੌਰ

ਮੋਹਾਲੀ/ਖਰੜ, 15 ਜੁਲਾਈ, 2023: ਬਲੌਂਗੀ ਵਿੱਚ ਡਾਇਰੀਆ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ਤੇ ਐਸ ਡੀ ਐਮ ਮੋਹਾਲੀ ਸਰਬਜੀਤ ਕੌਰ, ਮੋਹਾਲੀ ਐਮ ਸੀ ਦੇ ਜੁਆਇੰਟ ਕਮਿਸ਼ਨਰ ਕਿਰਨ ਸ਼ਰਮਾ ਤੇ ਸਿਵਲ ਸਰਜਨ ਡਾਕਟਰ ਮਹੇਸ਼ ਅਹੂਜਾ ਵੱਲੋਂ ਅੱਜ ਸਾਂਝੇ ਤੌਰ ਤੇ ਦੌਰਾ ਕਰਕੇ  ਪ੍ਰਭਾਵਿਤ ਖੇਤਰਾਂ ਵਿੱਚ ਦੂਸ਼ਿਤ ਪਾਣੀ ਅਤੇ ਮੱਛਰਾਂ ਆਦਿ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।


ਐਸ.ਡੀ.ਐਮ ਸਰਬਜੀਤ ਕੌਰ ਨੇ ਦੱਸਿਆ ਕਿ ਇਹਤਿਆਤੀ ਤੌਰ ਤੇ ਬਲੌਂਗੀ ਪਿੰਡ ਵਿੱਚ ਪਾਣੀ ਦੇ ਟੈਂਕਰ ਉਪਲਬਧ ਕਰਵਾਏ ਗਏ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਆ ਰਹੇ ਪਾਣੀ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਸਿਹਤ ਵਿਭਾਗ ਵੱਲੋਂ ਐਸ  ਐਮ ਓ ਘੜੂੰਆਂ ਡਾ. ਸੁਰਿੰਦਰਪਾਲ ਕੌਰ ਦੀ ਨਿਗਰਾਨੀ ਹੇਠ ਮੈਡੀਕਲ ਟੀਮਾਂ ਵੱਲੋਂ  ਕੈਂਪ ਲਾ ਕੇ ਮਰੀਜਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਮੁਫ਼ਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਤੇ ਭਾਰੀ ਮੀਂਹ ਤੋਂ ਬਾਅਦ ਪਾਣੀ ਤੋਂ ਪੈਦਾ ਹੋਣ ਵਾਲੀਆਂ ਟਾਈ. ਫਾਈਡ, ਡਾ.ਇਰੀਆ, ਬੁਖਾਰ ਅਤੇ ਲੈਪਟੋਸਪਾਇਰੋਸਿਸ ਅਤੇ ਵੈਕਟਰ ਬੋਰਨ (ਮਲੇਰੀਆ, ਡੇਂ.ਗੂ) ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਤੋਂ ਰੱਖਿਆ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਚੌਕਸੀ ਵਰਤੀ ਜਾ ਰਹੀ ਹੈ।


ਐਮ.ਸੀ ਮੋਹਾਲੀ ਦੇ ਜੁਆਇੰਟ ਕਮਿਸ਼ਨਰ ਕਿਰਨ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਪੀਣ ਵਾਲੇ ਪਾਣੀ ਲਈ ਟੈਂਕਰ ਉਪਲਬਧ ਕਰਵਾਏ ਗਏ ਹਨ। ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਤੌਰ ਉਤੇ ਮੈਡੀਕਲ ਚੈੱਕਅਪ ਕੈਂਪ ਜਾਰੀ ਹਨ। ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਓ ਆਰ ਐਸ ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਪੀਣ ਵਾਲਾ ਤੇ ਖਾਣਾ ਬਣਾਉਣ ਲਈ ਵਰਤਿਆ ਜਾਣ ਵਾਲਾ ਪਾਣੀ ਪਹਿਲਾਂ ਉਬਾਲ ਕੇ ਪੀਣ ਜਾਂ ਬੋਤਲਬੰਦ ਪਾਣੀ ਇਸਤੇਮਾਲ ਕਰਨ ਸਬੰਧੀ ਮੁਨਿਆਦੀ ਵੀ ਕਰਵਾਈ ਗਈ ਹੈ। ਪੀਣ ਦਾ ਪਾਣੀ ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੀ ਜੀ ਆਈ ਅਤੇ ਏਮਜ਼ (ਅੰਬਦੇਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਮੋਹਾਲੀ ਦੀ ਟੀਮ ਵਲੋਂ ਦਾਊਂ  ਤੇ ਬਲੌਂਗੀ ਖੇਤਰ ਵਿਚ ਪੀਣ ਦੇ ਪਾਣੀ ਦੇ ਸੈਂਪਲ ਵੀ ਲਏ ਗਏ।


ਇਸ ਮੌਕੇ ਉਕਤ ਅਧਿਕਾਰੀਆਂ ਵੱਲੋਂ ਅਸਿਸਟੈਂਟ ਡਾਇਰੈਕਟਰ ਗਗਨਦੀਪ ਸਿੰਘ ਗਰੋਵਰ, ਸੀਨੀਅਰ ਮੈਡੀਕਲ ਅਫ਼ਸਰ ਘੜੂੰਆਂ ਸੁਰਿੰਦਰਪਾਲ ਕੌਰ ਤੇ ਨਗਰ ਪੰਚਾਇਤ ਨੂੰ ਨਾਲ ਲੈ ਕੇ ਬਲੌਂਗੀ ਦੇ ਉਸ ਖੇਤਰ ਦਾ ਦੌਰਾ ਕੀਤਾ ਗਿਆ, ਜਿਥੇ ਡਾਇਰੀਆ ਦੇ ਕੇਸ ਸਾਹਮਣੇ ਆਏ ਸਨ। ਸਿਵਲ ਸਰਜਨ ਅਨੁਸਾਰ ਡਾਇਰੀਆ ਪੀੜ੍ਹਤ ਮਰੀਜ਼ਾਂ ਦੀ ਉਚਿਤ ਸਿਹਤ ਸੰਭਾਲ ਅਤੇ ਇਲਾਜ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਮੌਜੂਦ ਸਿਹਤ ਵਿਭਾਗ ਦੀ ਟੀਮ ਵਿੱਚ ਡਾ. ਸਰੋਜ, ਡਾ. ਅਨਿਲ ਵਸ਼ਿਸ਼ਟ, ਡਾ. ਹਰਪ੍ਰੀਤ ਕੌਰ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਸੀ ਐਚ ਓ ਸੋਨਮ, ਮਲਟੀਪਰਪਜ ਸੁਪਰਵਾਈਜ਼ਰ ਜਸਵਿੰਦਰ ਕੌਰ, ਏ ਐਨ ਐਮ ਬਜਿੰਦਰਪਾਲ ਕੌਰ ਤੇ ਮਲਟੀਪਰਪਜ ਹੈਲਥ ਵਰਕਰ ਜਗਤਾਰ ਸਿੰਘ, ਕੁਲਜੀਤ ਸਿੰਘ, ਜਤਿੰਦਰ ਸਿੰਘ, ਪਿੰਡ ਦੇ ਸਰਪੰਚ ਬਹਾਦਰ ਸਿੰਘ, ਸਰੋਜਾ ਦੇਵੀ ਅਤੇ ਆਸ਼ਾ ਵਰਕਰ ਵੀ ਮੌਜੂਦ ਸਨ।


ਹੜ੍ਹ ਤੋਂ ਬਾਅਦ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ :


ਐਸ ਐਮ ਓ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਹੜ੍ਹ ਤੇ ਭਾਰੀ ਮੀਂਹ ਤੋਂ ਬਾਅਦ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਪਾਣੀ ਕਿਸੇ ਸਾਫ਼ ਤੇ ਸੁਰੱਖਿਅਤ ਸਰੋਤ ਵਿਚੋਂ ਹੀ ਪੀਣਾ ਚਾਹੀਦਾ ਹੈ। ਬਰਸਾਤ ਦੌਰਾਨ ਪਾਣੀ ਪ੍ਰਦੂਸ਼ਿਤ ਹੋਣ ਦਾ ਖਤਰਾ ਰਹਿੰਦਾ ਹੈ, ਜਿਸ ਕਰਕੇ ਪੀਣ ਵਾਲਾ ਤੇ ਖਾਣਾ ਬਣਾਉਣ ਲਈ ਵਰਤਿਆ ਜਾਣ ਵਾਲਾ ਪਾਣੀ ਪਹਿਲਾਂ ਉਬਾਲ ਲੈਣਾ ਚਾਹੀਦਾ ਹੈ ਜਾਂ ਬੋਤਲਬੰਦ ਪਾਣੀ ਇਸਤੇਮਾਲ ਕਰਨਾ ਚਾਹੀਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਢਕ ਕੇ ਰੱਖੋ। ਬਿਮਾਰੀ ਦੀ ਰੋਕਥਾਮ, ਆਪਣਾ ਖਾਣ-ਪੀਣ ਠੀਕ ਰੱਖਣ ਤੇ ਸਾਫ਼ ਸਫ਼ਾਈ ਦਾ ਵਧੇਰੇ ਧਿਆਨ ਰੱਖਣ ਨਾਲ ਕੀਤੀ ਜਾ ਸਕਦੀ ਹੈ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਥਣ ਤੇ ਪਾਣੀ ਨਾਲ ਧੋਣਾ ਜ਼ਰੂਰੀ ਹੈ। ਪਖਾਨਾ ਜਾਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਬਣ ਤੇ ਪਾਣੀ ਨਾਲ ਧੋਵੋ। ਮੱਛਰ ਪੈਦਾ ਹੋਣ ਤੋਂ ਰੋਕਣ ਲਈ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੋ ਅਤੇ ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਖ਼ਰਾਬ ਹੋਏ ਭੋਜਨ ਜਾਂ ਹੜ੍ਹ/ਮੀਂਹ ਵਾਲੇ ਪਾਣੀ ਦੇ ਸੰਪਰਕ ਵਿਚ ਆਉਣ ਵਾਲੇ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ। ਇੰਨਫੈਕਸ਼ਨ ਦੇ ਲੱਛਣ ਸਾਹਮਣੇ ਆਉਣ 'ਤੇ ਡਾਕਟਰ ਤੋਂ ਸਿਹਤ ਜਾਂਚ ਜਰੂਰ ਕਰਵਾਈ ਜਾਵੇ।


 

Story You May Like