The Summer News
×
Monday, 20 May 2024

ਕੋਰੀਓਗ੍ਰਾਫੀ 'ਚ ਐਲੀਮੈਂਟਰੀ ਸਕੂਲ ਚੰਗੇਰਾ ਅਤੇ ਸਿਵਲ ਲਾਈਨ ਸਕੂਲ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ,ਪੜੋ ਖਬਰ

ਪਟਿਆਲਾ, 2 ਮਾਰਚ : ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲੋਕਾਂ ਦੀ ਖਿੱਚ ਦੇ ਕੇਂਦਰ ਬਣੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੇ ਅੱਜ ਛੇਵੇਂ ਦਿਨ ਕੋਰੀਓਗ੍ਰਾਫੀ, ਨੁੱਕੜ ਨਾਟਕ, ਲੰਮੀਆਂ ਹੇਕਾਂ ਅਤੇ ਪੱਗ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ। ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਕੋਰੀਓਗ੍ਰਾਫੀ 'ਚ ਜੂਨੀਅਰ ਵਰਗ ਅੰਦਰ ਸਰਕਾਰੀ ਐਲੀਮੈਂਟਰੀ ਸਕੂਲ ਚੰਗੇਰਾ ਨੇ ਪਹਿਲਾ ਅਤੇ ਸੋਨੀ ਪਬਲਿਕ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਅੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਪਟਿਆਲਾ ਨੇ ਪਹਿਲਾ ਅਤੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੂਸਰਾ ਸਥਾਨ ਹਾਸਲ ਕੀਤਾ।


ਉਨ੍ਹਾਂ ਦੱਸਿਆ ਕਿ ਪੱਗ ਬੰਨ੍ਹਣ ਦੇ ਜੂਨੀਅਰ ਵਰਗ ਦੇ ਹੋਏ ਮੁਕਾਬਲਿਆਂ 'ਚ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਦਾਰੀ ਰਹੀ ਅਤੇ ਕਾਲਜਾਂ ਦੇ ਖ਼ੂਬਸੂਰਤ ਦਸਤਾਰ ਮੁਕਾਬਲੇ ਵਿੱਚ ਕੀਰਤੀ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰੋ. ਅੰਟਾਲ ਨੇ ਦੱਸਿਆ ਕਿ ਨੁੱਕੜ ਨਾਟਕ ਮੁਕਾਬਲੇ 'ਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਪਹਿਲਾ, ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਨੇ ਦੂਜਾ ਅਤੇ ਖ਼ਾਲਸਾ ਕਾਲਜ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੰਮੀਆਂ ਹੇਕਾਂ ਵਿੱਚ ਪਟੇਲ ਕਾਲਜ ਰਾਜਪੁਰਾ ਦੀ ਸਰਦਾਰੀ ਰਹੀ। ਇਸ ਮੌਕੇ ਨਵਜੀਵਨੀ ਸਕੂਲ ਪਟਿਆਲਾ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਗਿੱਧਾ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਕਿਹਾ ਕਿ 5 ਮਾਰਚ ਤੱਕ ਚੱਲਣ ਵਾਲੇ ਰੰਗਲਾ ਪੰਜਾਬ ਕਰਾਫ਼ਟ ਮੇਲੇ 'ਚ ਪਟਿਆਲਾ ਸਮੇਤ ਦੂਰ ਦੁਰਾਡੇ ਦੇ ਦਰਸ਼ਕਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਇਸ ਮੇਲੇ ਦਾ ਅਨੰਦ ਮਾਨਣ ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਸਭਿਆਚਾਰ ਤੇ ਖਾਣ ਪੀਣ ਦੀਆਂ ਵਸਤੂਆਂ ਦਾ ਸਵਾਦ ਚੱਖਣ ਸਮੇਤ ਦੇਸ਼ ਵਿਦੇਸ਼ ਦੇ ਦਸਤਕਾਰਾਂ ਵੱਲੋਂ ਪੇਸ਼ ਕੀਤੀਆਂ ਵਸਤੂਆਂ ਦੀ ਖਰੀਦੋ ਫਰੋਖਤ ਕਰਨ।


 

Story You May Like