The Summer News
×
Thursday, 16 May 2024

 ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿਚ 5 ਕਰੋੜ ਰੁਪਏ ਦੀਆਂ ਵਰਦੀਆਂ ਵਿਦਿਆਰਥੀਆਂ ਨੂੰ ਮਿਲ ਰਹੀਆਂ ਹਨ—ਡਾ: ਬਲਜੀਤ ਕੌਰ

 ਸ੍ਰੀ ਮੁਕਤਸਰ ਸਾਹਿਬ, 4 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਿੱਖਿਆ ਸੁਧਾਰਾਂ ਦੀ ਲੜੀ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਨਤੀਜੇ ਨਿਕਲਣ ਲੱਗੇ ਹਨ। ਇਹੀ ਕਾਰਨ ਹੈ ਕਿ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਸੈਸ਼ਨ ਦੇ ਸ਼ੁਰੂਆਤੀ ਦੌਰ ਵਿਚ ਹੀ ਬੱਚਿਆਂ ਨੂੰ ਵਰਦੀਆਂ ਮਿਲ ਰਹੀਆਂ ਹਨ ਜਦ ਕਿ ਕਿਤਾਬਾਂ ਦੀ ਪਹੁੰਚ ਵਿਦਿਆਰਥੀਆਂ ਤੱਕ ਪਹਿਲਾਂ ਹੀ ਕਰ ਦਿੱਤੀ ਗਈ ਹੈ। ਇਹ ਗੱਲ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਪਿੰਡ ਰੱਥੜੀਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਭੇਂਟ ਕਰਨ ਮੌਕੇ ਆਖੀ।


ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆ ਦਾ ਪੱਧਰ ਵਿਸਵ ਪੱਧਰ ਦਾ ਕਰਨ ਲਈ ਕੋਸਿ਼ਸਾਂ ਆਰੰਭੀਆਂ ਗਈਆਂ ਹਨ ਤਾਂ ਜ਼ੋ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਅਤੇ ਉਹ ਜਦ ਪੜਾਈ ਪੂਰੀ ਕਰਕੇ ਸਮਾਜ ਵਿਚ ਜਾਣ ਤਾਂ ਉਹ ਕਿਸੇ ਤੋਂ ਵੀ ਘੱਟ ਨਾ ਹੋਣ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਲਈ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਦੂਰ ਕਰਨ ਦੇ ਨਾਲ ਬੁਨਿਆਦੀ ਢਾਂਚੇ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ। ਇਸੇ ਤਰਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਅਤੇ ਵਰਦੀਆਂ ਮਿਲਣ ਇਸ ਨੂੰ ਇਸ ਸਾਲ ਤਰਜੀਹੀ ਅਧਾਰ ਤੇ ਲਾਗੂ ਕੀਤਾ ਗਿਆ ਹੈ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿਚ ਹੀ 5 ਕਰੋੜ 2 ਲੱਖ 20 ਹਜਾਰ 400 ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਨਾਲ 326 ਪ੍ਰਾਇਮਰੀ ਸਕੂਲਾਂ ਦੇ 83688 ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਰਦੀਆਂ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਐਸਸੀ ਵਿਦਿਆਰਥੀਆਂ ਨੂੰ ਸਮੇਂ ਸਿਰ ਵਜੀਫਾ ਮਿਲੇ ਇਸ ਲਈ ਵੀ ਉਨ੍ਹਾਂ ਦਾ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ।


ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਿਚ ਇਕ ਗਲੀ ਨੂੰ ਇੰਟਰਲਾਕਿੰਗ ਰਾਹੀਂ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਅਤੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਪਿੰਡ ਦੇ ਵਿਕਾਸ ਸਬੰਧੀ ਸਾਰੀਆਂ ਮੰਗਾਂ ਸਰਕਾਰ ਨੇ ਪ੍ਰਵਾਨ ਕਰ ਲਈਆਂ ਹਨ ਅਤੇ ਜਲਦ ਹੀ ਨਿਰਮਾਣ ਕਾਰਜ ਸ਼ੁਰੂ ਕੀਤੇ ਜਾਣਗੇ।ਇਸ ਮੌਕੇ ਉਨ੍ਹਾਂ ਨੇ ਰੱਥੜੀਆਂ ਪਿੰਡ ਦੇ ਲੋਕਾਂ ਦੀਆਂ ਮੁਸਕਿਲਾਂ ਵੀ ਸੁਣੀਆਂ। ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਨੇ ਵਿਭਾਗ ਵੱਲੋਂ ਕੈਬਨਿਟ ਮੰਤਰੀ ਦਾ ਇੱਥੇ ਪੁੱਜਣ ਤੇ ਸਵਾਗਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੀਆਂ ਚਾਰਦੀਵਾਰੀਆਂ ਲਈ ਗ੍ਰਾਂਟ ਆਈ ਹੈ ਅਤੇ ਲਗਭਗ ਹਰ ਸਕੂਲ ਵਿਚ ਸਕੂਲ ਦੀ ਜਰੂਰਤ ਅਨੁਸਾਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫੰਡ ਮੁਹੱਈਆ ਕਰਵਾਏ ਗਏ ਹਨ।

Story You May Like