The Summer News
×
Monday, 13 May 2024

ਸਿਹਤ ਵਿਭਾਗ ਵਲੋਂ 28 ਜੂਨ ਤੋਂ 24 ਜੁਲਾਈ 2023 ਤੱਕ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ : ਡਾ. ਪ੍ਰਭਜੀਤ ਸਿੰਘ ਸਿਵਲ ਸਰਜਨ










ਸ੍ਰੀ ਮੁਕਤਸਰ ਸਾਹਿਬ, 4 ਜੁਲਾਈ : ਸਿਹਤ ਵਿਭਾਗ ਵਲੋਂ ਡਾ. ਪ੍ਰਭਜੀਤ ਸਿੰਘ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਵਿਸ਼ਵ ਅਬਾਦੀ ਪੰਦਰਵਾੜੇ ਨਾਲ ਸਬੰਧਤ ਜਿਲ੍ਹੇ ਦਾ ਸਾਰੇ ਫੀਲਡ ਸਟਾਫ ਦੀ ਇਕ ਜਿਲ੍ਹਾ ਪੱਧਰੀ ਬੈਠਕ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਸਮੂਹ ਪ੍ਰੋਗਰਾਮ ਅਫਸਰਾਂ, ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਬੀ.ਈ.ਈ, ਹੈਲਥ ਸੁਪਰਵਾਇਜ਼ਰ, ਬੀ.ਐਸ.ਏ ਅਤੇ ਸੂਚਨਾ ਸਹਾਇਕਾਂ ਨੇ ਭਾਗ ਲਿਆ ।ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਿਵਲ ਸਰਜਨ ਵੱਲੋਂ ਸਾਰੇ ਹੀ ਅਧਿਕਾਰੀਆਂ ਅਤੇ ਫੀਲਡ ਸਟਾਫ ਨੂੰ ਆਪਣੇ-ਆਪਣੇ ਏਰੀਏ ਦੇ ਲੋਕਾਂ ਨੂੰ ਫੈਮਲੀ ਪਲੈਨਿੰਗ ਦੇ ਪੱਕੇ ਸਾਧਨਾਂ ਜਿਵੇਂ ਕਿ ਨਲਬੰਦੀ ਅਤੇ ਨਸਬੰਦੀ ਕਰਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।


 ਉਨ੍ਹਾ ਕਿਹਾ ਕਿ ਸਿਹਤ ਵਿਭਾਗ ਵਲੋਂ 28 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਪ੍ਰੈਰਿਤ ਕੀਤਾ ਜਾਵੇਗਾ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਤਹਿਤ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਨੇ ਕਿਹਾ ਕਿ ਫੈਮਿਲੀ ਪਲੈਨਿੰਗ ਰਾਹੀਂ ਵੱਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਣਗੇ ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵੀ ਸੰਭਾਲ ਹੋਵੇਗੀ। ਇਸ ਦੇ ਨਾਲ ਮਾਵਾਂ ਅਤੇ ਬੱਚਿਆਂ ਦੀ ਸਿਹਤ ਵੀ ਠੀਕ ਰਹੇਗੀ ਤੇ ਮਾਂਵਾਂ ਦੀ ਮੌਤ ਦਰ ਅਤੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਆਵੇਗੀ।ਉਨ੍ਹਾ ਕਿਹਾ ਕਿ ਅੱਜ ਸਾਡੇ ਦੇਸ਼ ਦੀ ਆਬਾਦੀ ਲਗਭਗ 140 ਕਰੋੜ ਤੋਂ ਵੱਧ ਹੈ ਅਤੇ ਅਸੀਂ ਦੁਨੀਆਂ ਵਿਚ ਅਬਾਦੀ ਵਜੋਂ ਪਹਿਲੇ ਨੰਬਰ ਤੇ ਹਾਂ।ਸਾਡੇ ਕੋਲ ਦੁਨੀਆ ਦੀ ਵਸੋਂ ਯੋਗ ਜ਼ਮੀਨ ਦਾ ਸਿਰਫ਼ 2% ਹੈ ਅਤੇ ਸਾਡੇ ਦੇਸ਼ ਦੀ ਆਬਾਦੀ ਦੁਨੀਆ ਦਾ 20% ਹੈ। ਇਸੇ ਤਰਾਂ ਪੀਣ ਯੋਗ ਪਾਣੀ ਸਾਡੇ ਕੋਲ ਸਿਰਫ਼ 4% ਹੈ ਤੇ ਆਬਾਦੀ 20%, ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਹਾਲਤ ਕਿਸ ਤਰਾਂ ਦੀ ਹੈ ਤੇ ਭਵਿੱਖ ਵਿਚ ਕਿਸ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ।


 ਉਨ੍ਹਾਂ ਕਿਹਾ ਕਿ  ਅੱਜ ਬੇਰੋਜ਼ਗਾਰੀ, ਅਨਪੜ੍ਹਤਾ, ਕੁਪੋਸ਼ਣ, ਗ਼ਰੀਬੀ, ਕੱਟੜ੍ਹਤਾ ਆਦਿ ਹਰ ਸਮੱਸਿਆ ਦਾ ਮੂਲ ਕਾਰਨ ਵੱਧਦੀ ਜਾ ਰਹੀ ਆਬਾਦੀ ਹੈ। ਇਸ ਕਰਕੇ ਆਬਾਦੀ ਨੂੰ ਕੰਟਰੋਲ ਕਰਨ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾ ਕਿਹਾ ਕਿ ਦੰਪਤੀ ਸੰਪਰਕ ਪੰਦਰਵਾੜਾ ਤਹਿਤ ਮਿਤੀ 28 ਜੂਨ ਤੋਂ 10 ਜੁਲਾਈ ਤੱਕ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਨਸਬੰਦੀ ਤੇ ਨਲਬੰਦੀ ਆਪ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਨਾਲ ਸਬੰਧਤ ਤਰੀਕੇ ਜਿਵੇਂ ਅੰਤਰਾ, ਛਾਇਆ, ਪੀ.ਪੀ.ਆਈ.ਯੂ.ਸੀ.ਡੀ ਅਤੇ ਨਲਬੰਦੀ/ ਨਸਬੰਦੀ ਆਦਿ ਤਰੀਕੇ ਉਪਲਬਧ ਕਰਵਾਏ ਜਾਣਗੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਪਰਿਵਾਰ ਨਿਯੋਜਨ ਸੰਬੰਧੀ ਸਲਾਹ ਅਤੇ ਸੇਵਾਵਾਂ ਲਈ ਨੇੜੇ ਦੇ ਸਿਹਤ ਕੇਂਦਰ, ਹਸਪਤਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ, ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ,ਡਾ. ਵਰੁਣ ਵਰਮਾ ਜਿਲ੍ਹਾ ਐਪੀਡੀਮੋਲੋਜਿਸਟ,ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ,ਦੀਪਕ ਕੁਮਾਰ ਡੀ.ਪੀ.ਐਮ., ਸੁਰਿੰਦਰ ਸਿੰਘ ਐਮ.ਈ.ਓ, ਅਤੇ ਵੱਖ ਵੱਖ ਸਿਹਤ ਸੰਸਥਾਵਾਂ ਦਾ ਸਿਹਤ ਸਟਾਫ ਹਾਜਿਰ ਸੀ ।
 

 







 



 



 

Story You May Like