The Summer News
×
Monday, 13 May 2024

ਪਿੰਡ ਝਿੱਲ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ 'ਚ 18 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ

ਪਟਿਆਲਾ, 6 ਮਈ: ਕਰੀਬ ਸਾਢੇ ਅੱਠ ਮਹੀਨੇ ਪਹਿਲਾਂ 15 ਅਗਸਤ ਨੂੰ ਪਿੰਡ ਝਿੱਲ ਵਿਖੇ ਲੋਕਾਂ ਨੂੰ ਘਰਾਂ ਨੇੜੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਦਾ ਵੱਡੀ ਗਿਣਤੀ ਲੋਕਾਂ ਨੇ ਲਾਭ ਉਠਾਇਆ ਹੈ ਅਤੇ ਹੁਣ ਤੱਕ 18 ਹਜ਼ਾਰ 500 ਮਰੀਜ਼ ਇਸ ਕਲੀਨਿਕ ਤੋਂ ਇਲਾਜ ਕਰਵਾ ਚੁੱਕੇ ਹਨ ਤੇ ਕਰੀਬ 4500 ਤੋਂ ਵੱਧ ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਇਹ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਅਤੇ ਜਾਂਚ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ 'ਚ ਕੁੱਲ 41 ਕਿਸਮ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ ਅਤੇ ਪਿੰਡ ਝਿੱਲ ਵਿਖੇ ਚੱਲ ਰਹੇ ਕਲੀਨਿਕ 'ਚ 30 ਅਪ੍ਰੈਲ ਤੱਕ ਕੁੱਲ 4576 ਮਰੀਜ਼ਾਂ ਨੇ ਟੈਸਟ ਕਰਵਾਏ ਹਨ।


ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸੂਬੇ ਵਿੱਚ ਫੈਲੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਨ ਅਤੇ ਪ੍ਰਭਾਵਸਾਲੀ ਢੰਗ ਨਾਲ ਅਜਿਹੀਆਂ ਬਿਮਾਰੀਆਂ ਦਾ ਟਾਕਰਾ ਕਰਨ ਲਈ ਇੱਕ ਡੇਟਾਬੇਸ ਤਿਆਰ ਕਰਨ ਵਿੱਚ ਸਰਕਾਰ ਦੀ ਭਰਪੂਰ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਕੁੱਲ 80 ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।


ਸਿਹਤ ਮੰਤਰੀ ਨੇ ਕਿਹਾ ਕਿ ਸੂਬੇ 'ਚ ਹੁਣ ਤੱਕ 580 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ ਤੇ ਪਟਿਆਲਾ ਜ਼ਿਲ੍ਹੇ 'ਚ 45 ਆਮ ਆਦਮੀ ਕਲੀਨਿਕ ਇਸ ਸਮੇਂ ਕਾਰਜਸ਼ੀਲ ਹਨ ਤੇ ਆਉਣ ਵਾਲੇ ਕੁਝ ਦਿਨਾਂ 'ਚ ਹੋਰ ਕਲੀਨਿਕਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਲੋਕਾਂ ਦੇ ਸਮੇਂ ਦੀ ਬੱਚਤ ਹੋਈ ਹੈ, ਉਥੇ ਹੀ ਹਸਪਤਾਲਾਂ 'ਚ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਖਤਮ ਹੋਈਆਂ ਹਨ ਤੇ ਲੋਕਾਂ ਨੂੰ ਘਰਾਂ ਨੇੜੇ ਬਿਹਤਰ ਸਿਹਤ ਸਹੂਲਤਾਵਾਂ ਪ੍ਰਦਾਨ ਹੋਣ ਲੱਗੀਆਂ ਹਨ।


 

Story You May Like