The Summer News
×
Thursday, 09 May 2024

ਕੌਮੀ ਡੇਗੂ ਦਿਵਸ ਮੌਕੇ ਸਿਵਲ ਸਰਜਨ ਡਾ ਹਿੰਤਿਦਰ ਕੌਰ ਵਲੋਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ

ਲੁਧਿਆਣਾ, 16 ਮਈ : ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਕੌਮੀ ਡੇਗੂ ਦਿਵਸ ਮਨਾਇਆ ਗਿਆ ਜਿਸਦੇ ਤਹਿਤ ਉਨ੍ਹਾਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਿਸਦਾ ਥੀਮ ਡੇਂਗੂ ਨੂੰ ਹਰਾਉਣ ਲਈ ਹਰ ਇੱਕ ਦੀ ਹੋਵੇ ਸਾਂਝੇਦਾਰੀ।


ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ, ਚਿਕਨਗੁਨੀਆ ਬੁਖਾਰ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਰੈਲੀ ਦੌਰਾਨ ਉਨਾਂ ਡੇਂਗੂ ਬੁਖਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਕਿਵੇ ਬਚਿਆ ਜਾ ਸਕਦਾ ਹੈ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਐਡੀਜ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਨੂੰ ਟਾਇਗਰ ਮੱਛਰ ਵੀ ਕਹਿੰਦੇ ਹਨ। ਜਿਸ ਦੇ ਸ਼ਰੀਰ ਤੇ ਟਾਇਗਰ ਵਰਗੀਆ ਧਾਰੀਆਂ ਬਣੀਆ ਹੁੰਦੀਆ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾ, ਫਰਿਜ ਦੇ ਪਿਛੇ ਲੱਗੀਆ ਟਰੈਆ, ਗਮਲਿਆ, ਘਰਾਂ ਦੀਆ ਛੱਤਾ 'ਤੇ ਪਏ ਕਬਾੜ, ਟਾਇਰ ਆਦਿ ਵਿੱਚ ਖੜ੍ਹੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਇੱਕ ਹਫਤੇ ਦੇ ਅੰਦਰ-ਅੰਦਰ ਅੰਡੇ ਤੋਂ ਪੂਰਾ ਅਡੱਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਇਕ ਚੱਮਚ ਪਾਣੀ ਵਿਚ ਵੀ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜਿਆਦਾਤਰ ਸਵੇਰ ਵੇਲੇ ਸੂਰਜ ਚੜ੍ਹਣ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁਬਣ ਵੇਲੇ ਕੱਟਦਾ ਹੈ। ਇਹ ਮੱਛਰ ਜਿਆਦਾਤਰ ਸ਼ਰੀਰ ਦੇ ਹੇਠਲੇ ਹਿਸਿਆਂ ਤੇ ਕੱਟਦਾ ਹੈ ਇਸਦੀ ਪੈਦਾਵਾਰ 20 ਡਿਗਰੀ ਤੋਂ 34 ਡਿਗਰੀ ਤਾਪਮਾਨ ਵਿਚ ਜਿਆਦਾ ਹੁੰਦੀ ਹੈ।


ਉਨ੍ਹਾਂ ਦੱਸਿਆ ਕਿ ਤੇਜ ਬੁਖਾਰ, ਸਿਰ ਦਰਦ, ਮਾਸਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆ ਤੇ ਨੱਕ ਵਿਚ ਖੂੰਨ ਵਗਣਾ ਡੇਂਗੂ ਬੁਖਾਰ ਦੇ ਲਛਣ ਹਨ। ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਨ ਨਾ ਲਵੋ ਸਿਰਫ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਨਾਲ ਲਵੋ। ਪਾਣੀ ਜਾਂ ਤਰਲ ਚੀਜਾ ਜਿਆਦਾ ਪੀਓ ਅਤੇ ਆਰਾਮ ਕਰਨਾ ਚਾਹੀਦਾ ਹੈ।


ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡੇਂਗੂ ਬੁਖਾਰ ਦੇ ਸ਼ੱਕੀ ਮਰੀਜ ਜ਼ਿਲ੍ਹਾ ਲੁਧਿਆਣਾ ਦੇ ਸਿਹਤ ਕੇਂਦਰ ਜੋ ਕਿ ਸਿਵਲ ਹਸਪਤਾਲ ਲੁਧਿਆਣਾ, ਖੰਨਾ ਅਤੇ ਜਗਰਾਓ ਵਿਖੇ ਜਾ ਕੇ ਫਰੀ ਕੰਨਫਰਮੇਸ਼ਨ ਟੈਸਟ ਕਰਵਾ ਸਕਦੇ ਹਨ। ਪੋਜਟਿਵ ਡੇਂਗੂ ਕੇਸਾਂ ਦਾ ਸਪੋਰਟਿਵ ਇਲਾਜ ਸਿਹਤ ਵਿਭਾਗ ਵੱਲੋ ਫਰੀ ਕੀਤਾ ਜਾਂਦਾ ਹੈ।


ਸਿਵਲ ਸਰਜਨ ਵਲੋਂ ਲੋਕਾ ਨੂੰ ਅਪੀਲ ਕੀਤੀ ਗਈ ਕਿ ਕੂਲਰਾਂ, ਕੰਟੇਨਰਾ, ਫਰਿਜ ਦੇ ਪਿੱਛੇ ਲੱਗੀਆ ਟਰੇਆਂ, ਗਮਲਿਆ, ਘਰਾਂ ਦੀਆਂ ਛੱਤਾਂ ਉਪਰ ਪਏ ਕਬਾੜ ਆਦਿ ਵਿੱਚ ਸਾਫ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰਾਂ ਢੱਕਿਆ ਰਹੇ। ਸੋਣ ਵੇਲੇ ਮੱਛਰਦਾਨੀਆ ਆਦਿ ਦੀ ਵਰਤੋਂ ਕੀਤੀ ਜਾਵੇ। ਹਰ ਸ਼ੁੱਕਰਵਾਰ ਦਾ ਦਿਨ ਫਰਾਈ ਡੇਅ ਡਰਾਈ ਡੇਅ ਦੇ ਤੌਰ 'ਤੇ ਮਨਾਇਆ ਜਾਵੇ। ਉਨ੍ਹਾ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋ ਡੇਂਗੂ, ਚਿਕਨਗੁਨੀਆ ਬੁਖਾਰ ਤੋ ਬਚਾਓ ਸਬੰਧੀ ਗਤੀਵਿਧੀਆ ਸ਼ੁਰੂ ਕਰ ਦਿੱਤੀਆ ਗਈਆ ਹਨ। ਅੱਜ ਦਿਨ ਮੰਗਲਵਾਰ ਨੂੰ ਕੌਮੀ ਡੇਂਗੂ ਦਿਵਸ ਦੀ ਰੈਲੀ ਦੌਰਾਨ ਜਿਲਾ ਐਪੀਡੀਮੋਲੋਜਿਸਟ ਡਾ. ਸ਼ੀਤਲ ਨਾਰੰਗ, ਜਿਲਾ ਐਪੀਡੀਮੋਲੋਜਿਸਟ ਡਾ.ਰਮਨਪਰੀਤ ਕੌਰ, ਮਲੇਰੀਆ ਟੈਕਨੀਕਲ ਬਰਾਂਚ ਵਿਚੋ ਦਲਬੀਰ ਸਿੰਘ ਏ.ਐਮ.ਓ, ਪਰੇਮ ਸਿੰਘ ਹੈਲਥ ਇੰਨਸਪੈਕਟਰ, ਸਰਬਜੀਤ ਸਿੰਘ ਹੈਲਥ ਇੰਨਸਪੈਕਟਰ, ਜਸਵੀਰ ਸਿੰਘ ਹੈਲਥ ਇੰਨਸਪੈਕਟਰ ਅਤੇ ਐਂਟੀ ਲਾਰਵਾ ਵਿੰਗ ਵੱਲੋ ਸਤਿੰਦਰ ਸਿੰਘ ਹੈਲਥ ਇੰਨਸਪੈਕਟਰ ਸਮੇਤ ਸਮੂਹ ਸਟਾਫ ਹਾਜਰ ਰਿਹਾ।

Story You May Like