The Summer News
×
Tuesday, 21 May 2024

ਐਸ.ਡੀ.ਐਮ., ਸ੍ਰੀ ਮੁਕਤਸਰ ਸਾਹਿਬ ਨੇ ਤਿਉਹਾਰਾਂ ਅਤੇ ਟਰੈਫਿਕ ਦੇ ਮੱਦੇਨਜ਼ਰ ਵਪਾਰ ਮੰਡਲ ਨਾਲ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 8 ਨਵੰਬਰ: ਡਾ. ਰੂਹੀ ਦੁੱਗ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ. ਕੰਵਰਜੀਤ ਸਿੰਘ, ਉਪ ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਸ਼ਹਿਰ ਵਿਖੇ ਟਰੈਫਿਕ ਦੀ ਆ ਰਹੀ ਸਮੱਸਿਆ, ਪਟਾਖਿਆਂ ਦੀ ਸਟੋਰਜ਼ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ਹਿਰ ਦੇ ਵਪਾਰ ਮੰਡਲ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਕੀਤੀ ਗਈ।


ਐਸ.ਡੀ.ਐਮ. ਨੇ ਕਿਹਾ ਕਿ ਸ਼ਹਿਰ ਦੇ ਵਿੱਚੋਂ ਸਥਾਨਕ ਸ਼ਹਿਰ ਨਿਵਾਸੀਆਂ ਵੱਲੋਂ ਹੀ ਜਿਆਦਾ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਸ਼ਹਿਰ ਦੇ ਕੁਝ ਦੁਕਾਨਦਾਰ ਆਪਣਾ ਸਮਾਨ ਡਿਸਪਲੇਅ ਕਰਨ ਲਈ ਸੜਕ ਉਪਰ ਨਜ਼ਾਇਜ਼ ਤੌਰ ’ਤੇ ਰੱਖ ਲੈਂਦੇ ਹਨ, ਜਿਸ ਨਾਲ ਉਹ ਆਪਣੇ ਹੀ ਪਰਿਵਾਰ, ਬੱਚਿਆਂ ਲਈ ਟਰੈਫਿਕ ਦੀ ਸਮੱਸਿਆ ਪੈਦਾ ਕਰ ਰਹੇ ਹਨ। ਇਸ ਤੋਂ ਬਿਨ੍ਹਾਂ ਇਹ ਵੀ ਵੇਖਿਆ ਗਿਆ ਹੈ ਕਿ ਦੁਕਾਨਦਾਰਾਂ ਦੇ ਸਮਾਨ ਤੋਂ ਇਲਾਵਾ ਰਹੇੜੀਆਂ, ਈ-ਰਿਕਸ਼ਾ ਚਾਲਕ ਵੀ ਆਪਣੀਆਂ ਰੇਹੜੀਆਂ ਅਤੇ ਈ-ਰਿਕਸ਼ਾ ਨਿਰਧਾਰਤ ਥਾਂਵਾ ’ਤੇ ਨਹੀਂ ਰੋਕਦੇ ਜਿਸ ਨਾਲ ਵੀ ਟਰੈਫਿਕ ਦੀ ਕਾਫ਼ੀ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਸਭ ਤੋਂ ਜਿਆਦਾ ਖਾਣ-ਪੀਣ ਵਾਲੀਆਂ ਥਾਵਾਂ ਦੇ ਬਾਹਰ ਜਿਆਦਾ ਆਉਂਦੀ ਹੈ, ਕਿਉਂਕਿ ਹਰ ਕੋਈ ਜਲਦੀ ਆਪਣੀ ਸਮਾਨ ਲੈ ਕੇ ਜਾਣ ਲਈ ਆਪਣਾ ਵਹੀਕਲ ਉਸੇ ਸਥਾਨ ਤੇ ਬੇਤਰਤੀਬਾ ਪਾਰਕ ਕਰ ਲੈਂਦੇ ਹਨ।


ਉਨ੍ਹਾਂ ਕਿਹਾ ਕਿ ਆਮ ਤੌਰ ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੁਝ ਮਠਿਆਈ ਵਿਕਰੇਤਾਵਾਂ ਵੱਲੋਂ ਮਿਆਰੀ ਮਠਿਆਈ ਨਾ ਵੇਚ ਕੇ ਸਿੰਥੈਟਿਕ ਦੁੱਧ ਜਾਂ ਮਾਵਾ ਆਦਿ ਤੋਂ ਤਿਆਰ ਮਠਿਆਈ ਬਜ਼ਾਰ ਵਿੱਚ ਵੇਚੀਆਂ ਜਾਂਦੀਆਂ ਹਨ, ਜਿਸ ਨਾਲ ਖਾਣ ਵਾਲੇ ਵਿਅਕਤੀ/ਬੱਚਿਆਂ ਦੀ ਸਿਹਤ ’ਤੇ ਉਸਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਮਠਿਆਈ ਵਿਕਰੇਤਾਵਾਂ ਨੂੰ ਅਪੀਲ ਹੈ ਕਿ ਉਹ ਆਪਣੇ ਥੋੜੇ ਪੈਸੇ ਦੇ ਲਾਲਚ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਅਤੇ ਬੇਲੋੜਾ ਟੈਂਟ/ਸ਼ਮਿਆਨਾ ਆਦਿ ਲਗਾ ਕੇ ਤੋਂ ਵੀ ਗੁਰੇਜ਼ ਕਰਨ।


ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਦੁਕਾਨਦਾਰਾਂ ਵੱਲੋਂ ਸ਼ਹਿਰ ਦੇ ਭੀੜ—ਭਾੜ ਵਾਲੀਆਂ ਥਾਂਵਾਂ ਤੇ ਆਪਣੀਆਂ ਦੁਕਾਨਾਂ ਵਿੱਚ ਪਟਾਕੇ ਸਟੋਰ ਕੀਤੇ ਗਏ ਹਨ, ਜੋ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਅਤੇ ਇਸ ਤਰ੍ਹਾਂ ਦੀ ਸਟੋਰਜ਼ ਨਾਲ ਅਕਸਰ ਕੋਈ ਨਾ ਕੋਈ ਦੁਰਘਟਨਾ ਵਾਪਰ ਜਾਂਦੀ ਹੈ। ਇਸ ਲਈ ਦੁਕਾਨਦਾਰ ਆਪਣੇ ਨਿਰਧਾਰਤ ਸਟੋਰਾਂ ਵਿੱਚ ਹੀ ਪਟਾਕੇ ਸਟੋਰ ਕਰਨ।


ਉਨ੍ਹਾਂ ਕਾਰਜ ਸਾਧਕ ਅਫ਼ਸਰ, ਨਗਰ ਕੌਸਲ, ਸ੍ਰੀ ਮੁਕਤਸਰ ਸਾਹਿਬ, ਐਸ.ਐਚ.ਓ, ਥਾਣਾ ਸਿਟੀ, ਸ੍ਰੀ ਮੁਕਤਸਰ ਸਾਹਿਬ ਅਤੇ ਟਰੈਫਿਕ ਇੰਚਾਰਜ, ਸ੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ੇ ਦੂਰ ਕਰਵਾਏ ਜਾਣ ਅਤੇ ਟਰੈਫਿਕ ਆਵਾਜਾਈ ਦੇ ਪ੍ਰਬੰਧ ਨੂੰ ਕਰਨਾ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਉਪ—ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ, ਕਾਰਜ ਸਾਧਕ ਅਫ਼ਸਰ, ਨਗਰ ਕੌਸਲ, ਸ੍ਰੀ ਮੁਕਤਸਰ ਸਾਹਿਬ, ਪ੍ਰਧਾਨ ਵਪਾਰ ਮੰਡਲ, ਮਠਿਆਈ ਵਿਕਰੇਤਾ ਆਦਿ ਮੌਕੇ ਤੇ ਹਾਜ਼ਰ ਸਨ।

Story You May Like