The Summer News
×
Friday, 10 May 2024

ਟੀ.ਬੀ. ਕੰਟਰੋਲ ਪ੍ਰੋਗਰਾਮ ਸਬੰਧੀ ਮੀਟਿੰਗ ਦਾ ਆਯੋਜਨ

 


ਸ੍ਰੀ ਮੁਕਤਸਰ ਸਾਹਿਬ, 11 ਮਈ: ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ ਅਤੇ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਟੀ.ਬੀ. ਮੁਕਤ ਅਭਿਆਨ ਤਹਿਤ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੱਧਰੀ ਟੀ.ਬੀ. ਫੋਰਮ ਕਮੇਟੀ ਦੀ ਮੀਟਿੰਗ ਕੀਤੀ ਗਈ। ਸਿਹਤ ਵਿਭਾਗ ਵੱਲੋਂ ਫੀਲਡ ਸਟਾਫ ਰਾਹੀਂ ਟੀ.ਬੀ. ਦੇ ਮਰੀਜਾ ਦੀ ਜਲਦੀ ਪਹਿਚਾਣ ਕਰਕੇ ਇਲਾਜ ਕਰਨ ਲਈ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ।


ਇਸ ਸਬੰਧ ਵਿੱਚ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਟੀ.ਬੀ. ਦੀ ਜਲਦੀ ਪਹਿਚਾਣ ਹੋਣ ਨਾਲ ਇਸ ਦਾ ਇਲਾਜ ਪੂਰਨ ਤੌਰ ’ਤੇ ਸੰਭਵ ਹੈ ਅਤੇ ਪ੍ਰਭਾਵਿਤ ਮਰੀਜਾਂ ਤੋਂ ਆਮ ਲੋਕਾਂ ਤੱਕ ਇਸ ਬਿਮਾਰੀ ਦੇ ਫੈਲਣ ਦਾ ਖਦਸ਼ਾ ਘੱਟ ਜਾਂਦਾ ਹੈ ਅਤੇ ਜੇਕਰ ਟੀ.ਬੀ. ਦੇ ਮਰੀਜ ਆਪਣਾ ਇਲਾਜ ਸ਼ੁਰੂ ਨਾ ਕਰੇ ਤਾਂ ਹੋਰ ਬਹੁਤ ਲੋਕਾਂ ਨੂੰ ਇਹ ਬਿਮਾਰੀ ਫੈਲਾ ਸਕਦਾ ਹੈ।


ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਟੀ.ਬੀ. ਦੇ ਲੱਛਣ ਜਿਵੇਂ ਕਿ ਦੋ ਹਫਤਿਆਂ ਤੋਂ ਖਾਂਸੀ ਹੋਣਾ ਜਾਂ ਸ਼ਾਮ ਦੇ ਵੇਲੇ ਲਗਾਤਾਰ ਬੁਖਾਰ ਹੋਣਾ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ਤੋਂ ਟੀ.ਬੀ. ਦੀ ਜਾਂਚ ਜਰੂਰ ਕਰਵਾਉਣ ਜੋ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫਤ ਉਪਲੱਬਧ ਹੈ।


ਉਨ੍ਹਾ ਕਿਹਾ ਕਿ ਟੀ.ਬੀ. ਦੇ ਮਰੀਜ ਨੂੰ ਆਪਣਾ ਇਲਾਜ ਡਾਕਟਰ ਦੀ ਸਲਾਹ ਅਨੁਸਾਰ ਪੂਰਾ ਕਰਨਾ ਚਾਹੀਦਾ ਹੈ ਅਤੇ ਇਲਾਜ ਅਧੂਰਾ ਨਹੀਂ ਛੱਡਣਾ ਚਾਹੀਦਾ। ਅਧੂਰਾ ਇਲਾਜ ਛੱਡਣ ਨਾਲ ਟੀ.ਬੀ. ਦੀ ਬਿਮਾਰੀ ਜਾਨਲੇਵਾ ਹੋ ਸਕਦੀ ਹੈ। ਜੋ ਮਰੀਜ ਟੀ.ਬੀ. ਦੀ ਦਵਾਈ ਖਾ ਰਹੇ ਹਨ ਉਨ੍ਹਾਂ ਵਿਚ ਅਕਸਰ ਕਮਜੋਰੀ ਆ ਜਾਂਦੀ ਹੈ ਜਿਸ ਕਾਰਨ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਜੇਕਰ ਟੀ.ਬੀ. ਦੇ ਮਰੀਜ ਨੂੰ ਦਵਾਈ ਦੇ ਨਾਲ ਨਾਲ ਪੂਰੀ ਅਤੇ ਸੰਤੁਲਤ ਖੁਰਾਕ ਮਿਲ ਜਾਵੇ ਤਾਂ ਉਹ ਜਲਦੀ ਅਤੇ ਪੱਕੇ ਤੌਰ ਤੇ ਠੀਕ ਹੋ ਜਾਂਦਾ ਹੈ। ਸਰਕਾਰ ਵੱਲੋਂ ਪਹਿਲਾਂ ਹੀ ਟੀ.ਬੀ. ਦੇ ਮਰੀਜਾਂ ਨੂੰ ਮੁਫਤ ਦਵਾਈ ਦੇਣ ਦੇ ਨਾਲ ਨਾਲ 500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।


ਹੁਣ ਸਰਕਾਰ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ ਕਿ ਸਮਾਜਸੇਵੀ ਸੰਸਥਾਵਾਂ ਅਤੇ ਦਾਨੀ ਸੱਜਨਾ ਦੇ ਸਹਿਯੋਗ ਨਾਲ ਟੀ.ਬੀ. ਦੀ ਦਵਾਈ ਲੈ ਰਹੇ ਸਾਰੇ ਮਰੀਜਾਂ ਲਈ ਹਰ ਮਹੀਨੇ ਖੁਰਾਕ ਦੇਣ ਲਈ ਦਾਨੀ ਸੱਜਣ ਨਾਮਜਦ ਕੀਤੇ ਜਾ ਰਹੇ ਹਨ ਅਤੇ ਜਿਹੜਾ ਵਿਅਕਤੀ ਕਿਸੇ ਮਰੀਜ ਨੂੰ ਖੁਰਾਕ ਦੇਣ ਦੀ ਜਿੰਮੇਵਾਰੀ ਲਵੇਗਾ ਉਹ ਹਰ ਮਹੀਨੇ ਟੀ.ਬੀ. ਦੇ ਮਰੀਜ ਨੂੰ ਇਹ ਖੁਰਾਕ ਲਗਾਤਾਰ ਇੱਕ ਸਾਲ ਤੱਕ ਦੇਵੇਗਾ, ਜਿਸ ਨਾਲ ਟੀ.ਬੀ. ਕੰਟਰੋਲ ਪ੍ਰੌਗਰਾਮ ਨੂੰ ਕਾਮਯਾਬ ਕਰਨ ਅਤੇ ਦੇਸ਼ ਨੂੰ ਟੀ.ਬੀ. ਮੁਕਤ ਕਰਨ ਵਿਚ ਮਦਦ ਮਿਲੇਗੀ।

Story You May Like