The Summer News
×
Tuesday, 21 May 2024

ਖੇਤੀਬਾੜੀ ਵਿਭਾਗ ਨੇ ਸਰਕਲ ਦੌਣਕਲਾਂ ਦੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ

ਪਟਿਆਲਾ, 10 ਅਕਤੂਬਰ: ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਡੀ.ਐੱਮ. ਪਟਿਆਲਾ ਡਾ. ਇਸਮਤ ਵਿਜੈ ਸਿੰਘ ਦੀ ਅਗਵਾਈ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਖੇਤੀਬਾੜੀ ਅਫ਼ਸਰ ਅਵਨਿੰਦਰ ਸਿੰਘ ਮਾਨ ਵੱਲੋਂ ਬਲਾਕ ਪਟਿਆਲਾ ਦੇ ਪਿੰਡ ਭਟੇੜੀ ਕਲਾਂ, ਜਾਫਰਨਗਰ ਅਤੇ ਬੋਹੜਪੁਰ ਜੰਨਹੇੜੀਆਂ ਵਿਖੇ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ।
 


ਇਹਨਾਂ ਕੈਂਪਾਂ ਦੌਰਾਨ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ, ਮਿੱਤਰ ਕੀੜੇ ਬਚਾਉਣ ਅਤੇ ਖਾਦਾਂ ਦੀ ਵਰਤੋਂ ਘਟਾਉਣ ਵਿਚ ਆਪਣਾ ਯੋਗਦਾਨ ਪਾਉਣ।


ਇਹਨਾਂ ਕੈਂਪਾਂ ਵਿਚ ਡਾ. ਰਵਿੰਦਰਪਾਲ ਸਿੰਘ ਚੱਠਾ ਵੱਲੋਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਗਏ ਚੈਟਬੋਟ ਨੰਬਰ 73800-16070 ਦੀ ਵਰਤੋਂ ਕਰਦੇ ਹੋਏ ਬਲਾਕ ਪਟਿਆਲਾ ਦੇ ਕਿਸਾਨਾਂ/ਸੁਸਾਇਟੀਆਂ ਕੋਲ ਉਪਲਬੱਧ ਮਸ਼ੀਨਰੀ ਲੈ ਕੇ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਜਾਂ ਗੱਠਾਂ ਬਣਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਹਨਾਂ ਕੈਂਪਾਂ ਦੌਰਾਨ ਗੁਰਦਵਾਰਾ ਸਾਹਿਬਾਨਾਂ ਅਤੇ ਮੋਬਾਇਲ ਵੈਨ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਲਿਟਰੇਚਰ ਦੀ ਵੰਡ ਵੀ ਕੀਤੀ ਗਈ ਅਤੇ ਪੀ.ਐੱਮ.ਕਿਸਾਨ ਨਿਧੀ ਸਕੀਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਕੈਂਪ ਵਿਚ ਅਗਾਂਹਵਧੂ ਕਿਸਾਨਾਂ ਨੇ ਆਪਣੇ ਤਜਰਬੇ ਦੂਜੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਕੈਂਪ ਵਿਚ ਖੇਤੀਬਾੜੀ ਵਿਭਾਗ ਦੇ ਏ.ਟੀ.ਐੱਮ. ਕਮਲਦੀਪ ਸਿੰਘ ਅਤੇ ਗੁਰਦੀਪ ਸਿੰਘ, ਕਿਸਾਨ ਬਲਿਹਾਰ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਜਰਨੈਲ ਸਿੰਘ, ਸੁੱਚਾ ਸਿੰਘ ਅਤੇ ਜਸਵੀਰ ਸਿੰਘ ਤੋਂ ਇਲਾਵਾ ਲਗਭਗ 70 ਕਿਸਾਨਾਂ ਨੇ ਭਾਗ ਲਿਆ।

Story You May Like