The Summer News
×
Monday, 20 May 2024

ਸੂਬੇ ਦੇ ਸਰਪੰਚ ਤੇ ਕੌਂਸਲਰ ਡੇਂਗੂ ਤੇ ਮਲੇਰੀਆਂ ਤੋਂ ਬਚਾਅ ਲਈ ਛੱਪੜਾਂ ’ਚ ਛੱਡਣ ਗੰਬੂਜੀਆਂ ਮੱਛੀਆਂ : ਡਾ ਬਲਬੀਰ ਸਿੰਘ

ਪਟਿਆਲਾ 23 ਜੁਲਾਈ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਪਿੰਡ ਹਰਦਾਸਪੁਰ ਅਤੇ ਪਿੰਡ ਲੰਗ ਦੇ ਟੋਭਿਆਂ ਵਿੱਚ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਨੇ ਇਸ ਵਾਰ ਹੜ੍ਹਾਂ ਦੀ ਮਾਰ ਝੱਲੀ ਹੈ ਤੇ ਪੰਜਾਬੀਆਂ ਨੇ ਇਸ ਦਾ ਡੱਟ ਕੇ ਸਾਹਮਣਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਟੱਟੀਆਂ, ਉਲਟੀਆਂ, ਮਲੇਰੀਆ, ਡੇਂਗੂ ਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਡੇਂਗੂ ਤੇ ਮਲੇਰੀਆ ਵਾਸਤੇ ਸਭ ਤੋਂ ਸਸਤਾ ਅਤੇ ਟਿਕਾਊ ਹੱਲ ਗੰਬੂਜੀਆ ਮੱਛੀਆਂ ਹਨ, ਜਿਨ੍ਹਾਂ ਨੂੰ ਟੋਭੇ ਵਿਚ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ ਅਤੇ ਮੱਛਰ ਪੈਦਾ ਹੋਣੇ ਬੰਦ ਹੋ ਜਾਂਦੇ ਹਨ।


ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਰਸਾਤ ਕਾਰਨ ਪਿੰਡ ਦੇ ਵਿੱਚ ਜਿਹੜਾ ਵੀ ਟੋਭਾ ਹੈ ਜਾਂ ਜਿੱਥੇ ਬਾਰਸ਼ ਦਾ ਪਾਣੀ ਇਕੱਠਾ ਹੋਇਆ ਹੈ, ਉੱਥੇ ਮੱਛੀਆਂ ਛੱਡਣ ਨਾਲ ਮੱਛਰ ਪੈਦਾ ਹੋਣੇ ਬੰਦ ਹੋ ਜਾਣਗੇ। ਉਨ੍ਹਾਂ ਪੰਜਾਬ ਦੇ ਸਾਰੇ ਸਰਪੰਚਾਂ ਅਤੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਤੁਹਾਡੇ ਪਾਣੀ ਦਾ ਛੱਪੜ ਬਣਿਆ ਹੋਇਆ ਜਾਂ ਦੋ ਤਿੰਨ ਮਹੀਨੇ ਪਾਣੀ ਖੜ੍ਹਾ ਰਹਿਣਾ ਹੈ, ਉੱਥੇ ਇਹ ਮੱਛੀਆਂ ਛੱਡੀਆਂ ਜਾਣ। ਉਨ੍ਹਾਂ ਕਿਹਾ ਕਿ ਮੱਛੀਆਂ ਸਾਰੇ ਸਿਵਲ ਸਰਜਨਾਂ ਦੇ ਦਫ਼ਤਰਾਂ ਤੋਂ ਫ਼ਰੀ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਪੂੰਗ ਤੋਂ ਗੰਬੂਜੀਆਂ ਮੱਛੀ ਤਿਆਰ ਕਰਨ ਸਬੰਧੀ ਸਰਕਾਰੀ ਹੈਚਰੀ ਬਣੀਆਂ ਹੋਈਆਂ ਹਨ, ਜਿੱਥੇ ਇਨ੍ਹਾਂ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਮੱਛੀਆਂ ਨੂੰ ਟੋਭੇ, ਤਲਾਬਾਂ ਵਿਚ ਛੱਡਿਆ ਜਾਂਦਾ ਹੈ। ਇਹ  ਕੁਦਰਤੀ ਇਲਾਜ ਹੈ ਅਤੇ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ, ਨਾ ਹੀ ਇਸ ਦਾ ਵਾਤਾਵਰਣ ਅਤੇ ਸਿਹਤ ਤੇ ਕੋਈ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੱਛਰ ਜਿਸ ਨੂੰ ਅਸੀਂ ਟਾਈਗਰ ਮੱਛਰ (ਏਡੀਜ਼ ਅਜਿਪਟੀ) ਕਹਿੰਦੇ ਹਾਂ ਅਤੇ  ਇਸਦੇ ਕੱਟਣ ਨਾਲ ਡੇਂਗੂ ਦੀ ਬਿਮਾਰੀ ਹੁੰਦੀ ਹੈ। ਇਹ ਮੱਛੀਆਂ ਉਸ ਦੇ ਅੰਡਿਆਂ ਨੂੰ ਖਾ ਜਾਂਦੀਆਂ ਹਨ ਅਤੇ ਪੈਦਾਇਸ਼ ਬੰਦ ਹੋ ਜਾਂਦੀ ਹੈ। ਇਸ ਤਰ੍ਹਾਂ ਕੁਦਰਤੀ ਤਰੀਕੇ ਨਾਲ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।


ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਨਾਗਰਾ, ਜ਼ਿਲ੍ਹਾ ਐਪੀਡੋਮੋਲੋਜਿਸਟ-ਕਮ-ਨੋਡਲ ਅਫ਼ਸਰ ਡਾ. ਸੁਮੀਤ ਸਿੰਘ, ਡਾ. ਪ੍ਰਤੀਕ ਖੰਨਾ, ਡਾ. ਮਿੰਨੀ ਸਿੰਗਲਾ, ਬੀ.ਡੀ.ਪੀ.ਓ ਕ੍ਰਿਸ਼ਨ ਸਿੰਘ, ਫਾਰਮੇਸੀ ਅਫ਼ਸਰ ਹਰਿੰਦਰ ਸਿੰਘ ਚਾਹਲ, ਸੀ.ਐਚ.ਓ. ਨੀਲਮ, ਪਿੰਡ ਹਰਦਾਸਪੁਰ ਦੇ ਸਰਪੰਚ ਭਾਗ ਸਿੰਘ, ਮੈਂਬਰ ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਤਰਸੇਮ ਸਿੰਘ ਅਤੇ ਪਿੰਡ ਲੰਗ ਦੇ ਸਰਪੰਚ ਬਲਵਿੰਦਰ ਸਿੰਘ, ਮੈਂਬਰ ਅਮਰੀਕ ਸਿੰਘ, ਮੇਵਾ ਸਿੰਘ, ਹਰਮਿੰਦਰ ਸਿੰਘ, ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

Story You May Like