The Summer News
×
Tuesday, 21 May 2024

ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੇ ਸੁਕਾਏ ਸਾਹ, ਕਿਸਾਨਾਂ ਨੇ ਜਤਾਇਆ ਹਜ਼ਾਰਾਂ ਏਕੜ ਫ਼ਸਲ ਨੁਕਸਾਨੀ ਜਾਣ ਦਾ ਖਦਸ਼ਾ

ਸੁਲਤਾਨਪੁਰ ਲੋਧੀ : ਪਿਛਲੇ ਕੁਝ ਦਿਨਾਂ ਤੋਂ ਕਪੂਰਥਲਾ ਵਿੱਚ ਹੋ ਰਹੀ ਬੇ-ਮੌਸਮੀ ਬਰਸਾਤ ਨੇ ਜਦੋਂ ਦੀ ਦਸਤਕ ਦਿੱਤੀ ਹੈ , ਉਸ ਵੇਲੇ ਤੋਂ ਹੀ ਇਲਾਕੇ ਭਰ ਦੇ ਕਿਸਾਨਾਂ ਲਈ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਗੱਲ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਮੰਡ ਖੇਤਰ ਦੀ ਕਰੀਏ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਇਲਾਕਾ ਸ਼ੁਰੂ ਤੋਂ ਹੀ ਕੁਦਰਤੀ ਕਰੋਪੀ ਦੀ ਮਾਰ ਝੱਲਦਾ ਆਇਆ ਹੈ। ਕਦੇ ਹੜ੍ਹਾਂ ਦਾ ਆਉਣਾ ਤੇ ਕਦੇ ਬੇ- ਮੌਸਮੀ ਬਰਸਾਤ , ਇਸ ਇਲਾਕੇ ਵਿਚ ਫਸਲਾਂ ਦੇ ਨੁਕਸਾਨ ਦਾ ਡਰ ਕਿਸਾਨਾਂ ਵਿੱਚ ਬਣਿਆ ਹੀ ਰਹਿੰਦਾ ਹੈ। ਇਸੇ ਤਰ੍ਹਾਂ ਬੇ-ਮੌਸਮੀ ਬਰਸਾਤ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਦੀਆਂ ਚਿੰਤਾਵਾਂ ਦੀਆਂ ਲਕੀਰਾਂ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ ।


ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਹਰ ਵਾਰ ਉਹਨਾਂ ਨੂੰ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ ਪਰ ਇਸ ਨੁਕਸਾਨ ਦੀ ਸਾਰ ਲੈਣ ਲਈ ਨਾ ਹੀ ਕੋਈ ਪ੍ਰਸ਼ਾਸ਼ਨ ਦਾ ਅਧਿਕਾਰੀ ਉਹਨਾਂ ਦੀ ਫਰਿਆਦ ਸੁਣਨ ਲਈ ਆਉਂਦਾ ਤੇ ਨਾ ਹੀ ਉਹਨਾਂ ਨੂੰ ਉਹਨਾਂ ਦੀਆਂ ਨੁਕਸਾਨੀ ਫਸਲਾਂ ਦਾ ਮੁਆਵਜਾ ਸਮੇਂ ਸਿਰ ਮਿਲਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਸ ਵਾਰ ਦੀਆਂ ਨੁਕਸਾਨੀ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੌ ਉਹ ਵੀ ਆਪਣੇ ਪਰਿਵਾਰਾਂ ਵਿੱਚ ਬੈਠਕੇ ਸੁੱਖ ਦੀ ਰੋਟੀ ਖਾ ਸਕਣ।

Story You May Like