The Summer News
×
Thursday, 16 May 2024

ਜਦੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਖੁਦ ਸੰਭਾਲੀ ਕੈਂਪ ਦੀ ਕਮਾਨ

-ਲੰਬਿਤ ਇੰਤਕਾਲਾਂ ਦੇ ਨਿਪਟਾਰੇ ਤੋਂ ਖੁਸ਼ ਲੋਕਾਂ ਨੇ ਡਿਪਟੀ ਕਮਿਸ਼ਨਰ ਕੋਲ ਪੰਜਾਬ ਸਰਕਾਰ ਦਾ ਪ੍ਰਗਟਾਇਆ ਧੰਨਵਾਦ

-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਲ ਵਿਭਾਗ ਦੇ ਕੰਮਾਂ ਲਈ ਲਗਾਏ ਵਿਸ਼ੇਸ਼ ਕੈਂਪ ਜ਼ਮੀਨੀ ਵਿਵਾਦ ਖਤਮ ਕਰਨਗੇ : ਜਸਵਿੰਦਰ ਸਿੰਘ

ਪਟਿਆਲਾ, 15 ਜਨਵਰੀ: ਮਾਲ ਵਿਭਾਗ ਨਾਲ ਸਬੰਧਤ ਇੰਤਕਾਲ ਤੇ ਤਸਦੀਕੀ ਦੇ ਮਾਮਲਿਆਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਵਿੱਚ ਲਗਾਏ ਗਏ ਦੂਸਰੇ ਵਿਸ਼ੇਸ਼ ਕੈਂਪਾਂ ਦਾ ਲਾਭ ਪਟਿਆਲਾ ਜ਼ਿਲ੍ਹੇ ਦੇ ਵੱਡੀ ਲੋਕਾਂ ਵੱਲੋਂ ਉਠਾਇਆ ਗਿਆ। ਸਬ ਡਵੀਜ਼ਨ ਪੱਧਰ 'ਤੇ ਲਗਾਏ ਕੈਂਪਾਂ ਸਮੇਤ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੇ ਕੈਂਪ ਦੀ ਕਮਾਨ ਖੁਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੰਭਾਲੀ ਅਤੇ ਕੈਂਪ ਵਿੱਚ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਤੁਰੰਤ ਨਿਪਟਾਰੇ ਲਈ ਨਿਰਦੇਸ਼ ਦਿੱਤੇ।


ਕੈਂਪ ਵਿੱਚ ਆਏ ਆਦਰਸ਼ ਕਲੋਨੀ ਨਿਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇੰਤਕਾਲ ਲੰਮੇ ਸਮੇਂ ਤੋਂ ਲੰਬਿਤ ਚੱਲਿਆ ਆ ਰਿਹਾ ਸੀ, ਜੋ ਮਾਨ ਸਰਕਾਰ ਵੱਲੋਂ ਲਗਾਏ ਵਿਸ਼ੇਸ਼ ਕੈਂਪ ਦੌਰਾਨ ਦਰਜ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਸਾਰੇ ਅਧਿਕਾਰੀ ਇੱਕੋ ਛੱਤ ਥੱਲੇ ਇਕੱਠੇ ਹੋਣ ਸਦਕਾ ਦਿਨਾਂ 'ਚ ਹੋਣ ਵਾਲਾ ਕੰਮ ਮਿੰਟਾਂ 'ਚ ਹੋ ਰਿਹਾ ਹੈ। ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਨਿਰੰਤਰ ਤੌਰ 'ਤੇ ਲੱਗਦੇ ਰਹਿਣੇ ਚਾਹੀਦੇ ਹਨ, ਇਸ ਨਾਲ ਲੋਕਾਂ ਦੀ ਖੱਜਲ ਖੁਆਰੀ ਖਤਮ ਹੁੰਦੀ ਹੈ।


ਪਿੰਡ ਸੁਲਤਾਨਪੁਰ ਦੇ ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬਲੱਡ ਰਿਲੇਸ਼ਨ ਵਿੱਚ ਰਜਿਸਟਰੀ ਛੇ ਸਾਲ ਪਹਿਲਾਂ ਹੋਈ ਸੀ ਤੇ ਅੱਜ ਵਿਸ਼ੇਸ਼ ਕੈਂਪ ਦੌਰਾਨ ਉਸ ਦਾ ਇੰਤਕਾਲ ਮਨਜ਼ੂਰ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਦੀ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਲ ਵਿਭਾਗ ਦੇ ਕੰਮਾਂ ਲਈ ਲਗਾਏ ਵਿਸ਼ੇਸ਼ ਕੈਂਪਾਂ ਸਦਕਾ ਆਉਣ ਵਾਲੇ ਸਮੇਂ ਵਿੱਚ ਸੂਬੇ ਅੰਦਰ ਜ਼ਮੀਨੀ ਵਿਵਾਦ ਖਤਮ ਹੋਣਗੇ।


ਸੁਖਵਿੰਦਰ ਸਿੰਘ ਪਿੰਡ ਚਰਾਸੋਂ ਨੇ ਇੰਤਕਾਲਾਂ ਨੂੰ ਦਰਜ ਕਰਵਾਉਣ ਲਈ ਲਗਾਏ ਵਿਸ਼ੇਸ਼ ਕੈਂਪ ਦਾ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਕੈਂਪ ਵਿੱਚ ਆਉਦਿਆਂ ਹੀ ਨਾਲੋ ਨਾਲ ਅਧਿਕਾਰੀਆਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਇੰਤਕਾਲ ਦਰਜ਼ ਕਰ ਦਿੱਤਾ ਗਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਕੈਂਪ ਲਗਾਉਣ ਲਈ ਧੰਨਵਾਦ ਕੀਤਾ। ਵਿਸ਼ੇਸ਼ ਕੈਂਪ ਵਿੱਚ ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੈ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਤਹਿਸੀਲਦਾਰ ਜਿਨਸ਼ੂ ਬਾਂਸਲ ਤੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਵੀ ਮੌਜੂਦ ਸਨ।


 

Story You May Like