The Summer News
×
Thursday, 09 May 2024

ਆਮ ਆਦਮੀ ਕਲੀਨਿਕ ’ਚ ਮਨਾਇਆ ਗਿਆ ਵਿਸ਼ਵ ਹਾਈਪਰਟੈਂਸ਼ਨ ਦਿਵਸ  

ਪਟਿਆਲਾ 17 ਮਈ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਭਾਸ਼ਾ ਵਿਭਾਗ ਵਿਖੇ ਸਥਿਤ ਆਮ ਆਦਮੀ ਕਲੀਨਿਕ ’ਚ ਥੀਮ ’ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਮਾਪੋ, ਕਾਬੂ ਕਰੋ ਅਤੇ ਲੰਬਾ ਜਿਓ’ ਤਹਿਤ ਵਿਸ਼ਵ ਹਾਈਪਰਟੈਂਸ਼ਨ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ -ਕਮ- ਨੋਡਲ ਅਫ਼ਸਰ ਡਾ. ਐਸ. ਜੇ. ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਵੀ ਸਨ।


ਆਮ ਆਦਮੀ ਕਲੀਨਿਕ ਭਾਸ਼ਾ ਵਿਭਾਗ ਵਿੱਚ ਦਵਾਈ ਲੈਣ ਅਤੇ ਉਹਨਾਂ ਨਾਲ ਆਏ ਮਰੀਜ਼ਾਂ ਦੇ ਅਟੈਂਡੈਂਟ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਹਾਈਪਰਟੈਂਸ਼ਨ ਜਿਸ ਨੂੰ ਆਮ ਭਾਸ਼ਾ ਵਿੱਚ ਵਧਿਆ ਹੋਇਆ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ ਤੋਂ ਬਚਾਅ ਲਈ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬਲੱਡ ਪ੍ਰੈਸ਼ਰ ਦੇ ਵਧਣ ਨਾਲ ਹੋਣ ਵਾਲੀਆ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਬਲੱਡ ਪ੍ਰੈਸ਼ਰ ਦੇ ਵਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣਾ, ਦਿਮਾਗ ਦੀ ਨਾੜੀ ਦਾ ਫਟਣਾ, ਦਿਲ ਦਾ ਫੇਲ ਹੋਣਾ, ਗੁਰਦੇ ਖਰਾਬ ਹੋਣਾ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾ ਆਦਿ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਅੱਜ ਦੁਨੀਆ ਵਿੱਚ ਹਰ ਚੌਥਾ ਮਨੁੱਖ ਵੱਧ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਕਈ ਵਾਰੀ ਇਸ ਦੇ ਕੋਈ ਸ਼ੁਰੂਆਤੀ ਲੱਛਣ ਸਾਹਮਣੇ ਨਹੀਂ ਆਉਂਦੇ ਪ੍ਰੰਤੂ ਗੰਭੀਰ ਬਿਮਾਰੀ ਹਾਰਟ ਅਟੈਕ ਜਾਂ ਸਟ੍ਰੋਕ ਹੋਣ ਤੇ ਹੀ ਇਸ ਪਤਾ ਲਗਦਾ ਹੈ ਇਸ ਲਈ 30 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਲਈ ਨਿਯਮਿਤ ਤੌਰ ਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ।


ਨੋਡਲ ਅਫ਼ਸਰ ਡਾ. ਐਸ.ਜੈ.ਸਿੰਘ ਨੇ ਕਿਹਾ ਕਿ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਤੇ ਖਾਣ ਪੀਣ ਵਾਲੀਆਂ ਆਦਤਾਂ ਵਿਚ ਤਬਦੀਲੀ ਲਿਆ ਕੇ ਇਸ ਬਿਮਾਰੀ ਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ। ਅਲਕੋਹਲ ਅਤੇ ਤੰਬਾਕੂ ਪਦਾਰਥਾਂ, ਫੈਟ, ਤਲੀਆਂ ਤੇ ਮਸਾਲੇਦਾਰ ਚੀਜ਼ਾਂ ਦੀ ਵਰਤੋ ਤੋਂ ਪਰਹੇਜ਼ ਕਰਕੇ ਸਾਨੂੰ ਸੰਤੁਲਿਤ ਖੁਰਾਕ ਜਿਸ ਵਿਚ ਹਰੇ ਪੱਤੇਦਾਰ ਸਬਜ਼ੀਆਂ,ਫਲ਼-ਫਰੂਟ ਅਤੇ ਘੱਟ ਫੈਟ ਵਾਲੀਆਂ ਚੀਜ਼ਾਂ ਦਾ ਹੀ ਸੇਵਨ ਕਰਕੇ ਬਲੱਡ ਪ੍ਰੈਸ਼ਰ ਨੂੰ ਕਾਫ਼ੀ ਹੱਦ ਤੱਕ ਨਾਰਮਲ ਰੱਖਿਆ ਜਾ ਸਕਦਾ ਹੈ ਅਤੇ ਰੋਜ਼ਾਨਾ ਦੀ ਕਸਰਤ ਕਰਨੀ ਵੀ ਜ਼ਰੂਰੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦਾ ਬਲੱਡ ਪ੍ਰੈਸ਼ਰ ਵਧਦਾ ਹੈ ਉਹਨਾਂ ਨੂੰ ਡਾਕਟਰੀ ਸਲਾਹ ਦੇ ਅਨੁਸਾਰ ਦਵਾਈ ਖਾਣ ਅਤੇ  ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਇਸ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ।

Story You May Like