The Summer News
×
Friday, 10 May 2024

ਸਰਕਾਰ ਵੱਲੋਂ ਏਡਜ਼ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ : ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 11 ਮਈ : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਸੁਧਾਰ ਘਰਾਂ ਵਿਚ ਬੰਦ ਅਤੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਰਹਿ ਰਹੇ ਵਿਅਕਤੀਆਂ ਲਈ ਐਚ.ਆਈ.ਵੀ., ਟੀ.ਬੀ. ਅਤੇ ਐਚ.ਸੀ.ਵੀ ਟੈਸਟ ਕਰਨ ਲਈ ਵਿਸ਼ੇਸ ਮੁਹਿੰਮ 15 ਜੂਨ ਤੋਂ 30 ਜੂਨ 2023 ਤੱਕ ਚਲਾਈ ਜਾ ਰਹੀ ਹੈ। ਇਸ ਮੁਹਿੰਮ ਸਬੰਧੀ ਬਣਾਈ ਗਈ ਜ਼ਿਲ੍ਹਾ ਓਵਰਸਾਈਟ ਕਮੇਟੀ ਦੀ ਮੀਟਿੰਗ ਵਿਨੀਤ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ।


ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਸੁਧਾਰ ਘਰ ਵਿੱਚ ਰਹਿ ਰਹੇ ਸਾਰੇ ਵਿਅਕਤੀਆਂ ਅਤੇ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰਾਂ ਵਿੱਚ ਆ ਰਹੇ ਵਿਅਕਤੀਆਂ ਦਾ ਐਚ.ਆਈ.ਵੀ., ਟੀ.ਬੀ. ਅਤੇ ਐਚ.ਸੀ.ਵੀ. ਟੈਸਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਜੋ 15 ਜੂਨ ਤੋਂ ਮੁਹਿੰਮ ਚਲਾਈ ਜਾ ਰਹੀ ਹੈ, ਇਸ ਦੌਰਾਨ ਇਹਨਾਂ ਸਾਰੇ ਲੋਕਾਂ ਦਾ ਟੈਸਟ ਕਰਨਾ ਯਕੀਨੀ ਬਣਾਇਆ ਜਾਵੇ।


ਉਨ੍ਹਾਂ ਸਮੂਹ ਹਾਜਰੀਨ ਨੂੰ ਹਦਾਇਤ ਕੀਤੀ ਕਿ ਇਹ ਟੈਸਟ ਕਰਨ ਲਈ ਇਕ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਅਤੇ ਉਸ ਅਨੁਸਾਰ ਇਸ ਮੁਹਿੰਮ ਦੌਰਾਨ ਸਾਰੇ ਸਬੰਧਤ ਵਿਅਕਤੀਆਂ ਦਾ ਟੈਸਟ ਕੀਤਾ ਜਾਵੇ। ਟੈਸਟ ਦੌਰਾਨ ਬਿਮਾਰੀਆਂ ਤੋਂ ਪੀੜਿਤ ਪਾਏ ਜਾਂਦੇ  ਵਿਅਕਤੀਆਂ ਦਾ ਇਲਾਜ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ।


ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਐਚ.ਆਈ.ਵੀ. ਅਤੇ ਐਚ.ਸੀ.ਵੀ.  ਕੇਸਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ  ਹਰ ਸਾਲ ਲਗਭਗ 100 ਦੇ ਕਰੀਬ ਐਚ.ਆਈ.ਵੀ. ਪੌਜੀਟਿਵ ਨਵੇਂ ਕੇਸ ਆਉਂਦੇ ਸਨ ਜੋ ਕਿ ਸਾਲ 2022-23 ਦੌਰਾਨ ਵਧ ਕੇ 318 ਨਵੇਂ ਐਚ.ਆਈ.ਵੀ. ਪੌਜੀਟਿਵ ਕੇਸ ਰਿਪਰੋਟ ਹੋਏ ਹਨ। ਜੋ ਕਿ ਚਿੰਤਾ ਦਾ ਵਿਸ਼ਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਨਾਲ ਐਚ.ਆਈ.ਵੀ. ਪੌਜੀਟਿਵ ਕੇਸਾਂ ਦੀ ਜਲਦੀ ਪਹਿਚਾਣ ਹੋ ਸਕੇਗੀ ਅਤੇ ਉਨ੍ਹਾਂ ਦਾ ਜਲਦੀ ਇਲਾਜ ਸ਼ੁਰੂ ਹੋ ਜਾਵੇਗਾ।


ਉਨ੍ਹਾਂ ਦੱਸਿਆ ਕਿ  ਜਿਲ੍ਹਾ ਸੁਧਾਰ ਘਰ ਵਿਚ ਵਿਸ਼ੇਸ਼ ਟੀਮਾਂ ਲਗਾ ਕੇ ਇਸ ਮੁਹਿੰਮ ਦੌਰਾਨ ਟੈਸਟ ਕੀਤੇ ਜਾਣਗੇ ਅਤੇ ਨਸ਼ਾ ਛੁਡਾਓ ਕੇਂਦਰਾਂ ਵਿਚ ਆਉਣ ਵਾਲੇ ਵਿਅਕਤੀਆਂ ਦੇ ਟੈਸਟਾਂ ਦੀ ਜਿੰਮੇਵਾਰੀ ਸਬੰਧਤ ਸੰਸਥਾ ਦੇ ਇੰਚਾਰਜ ਨੂੰ ਦਿੱਤੀ ਜਾਵੇਗੀ।


ਮੀਟਿੰਗ ਵਿੱਚ ਵਰੁਨ ਸ਼ਰਮਾ ਸੁਪਰਡੈਂਟ ਜਿਲ੍ਹਾ ਜੇਲ੍ਹ, ਜਗਮੋਹਨ ਸਿੰਘ ਜਿਲ੍ਹਾ ਭਲਾਈ ਅਫਸਰ, ਡਾ. ਗੁਰਮੀਤ ਕੌਰ ਭੰਡਾਰੀ ਜਿਲ੍ਹਾ ਟੀ.ਬੀ. ਅਫਸਰ, ਡਾ. ਹਰਮਨ ਸਿੰਘ ਮੈਡੀਕਲ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸੰਦੀਪ ਸਿੰਘ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸਤਨਾਮ ਕੌਰ ਕਾਊਂਸਲਰ, ਹਰਭਗਵਾਨ ਸਿੰਘ ਸੀਨੀਅਰ ਲੈਬ ਸੁਪਰਵਾਈਜ਼ਰ, ਗਗਨਦੀਪ ਕੌਰ ਬੀ.ਸੀ.ਸੀ. ਕੁਆਰਡੀਨੇਟਰ ਨੇ ਭਾਗ ਲਿਆ।

Story You May Like