The Summer News
×
Friday, 10 May 2024

ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੁਕ ਕਰਨ ਲਈ ਲਗਾਇਆ ਗਿਆ ਜਾਗਰੁਕਤਾ ਕੈਂਪ

 


ਸ੍ਰੀ ਮੁਕਤਸਰ ਸਾਹਿਬ, 9 ਮਈ : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਜ਼ਿਲ੍ਹੇ ਵਿੱਚ ਮਲੇਰੀਆ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।


ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਗਰਮੀ ਦੇ ਮੌਸਮ ਅਤੇ ਬਾਰਸ਼ਾਂ ਸ਼ੁਰੂ ਹੋਣ ਕਾਰਨ ਮਲੇਰੀਆ ਅਤੇ ਡੇਂਗੂ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਸਾਰੇ ਸਕੂਲਾਂ ਵਿੱਚ ਜਾਗਰੁਕਤਾ ਮੁਹਿੰਮ ਚਲਾਈ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਗਰੁਕ ਕਰਕੇ ਉਨ੍ਹਾ ਦੇ ਘਰਾਂ ਤੋਂ ਡੇਂਗੂ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਜਿਸ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਲੇਰੀਆ ਅਤੇ ਡੇਂਗੂ ਜਾਗਰੁਕਤਾ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ।


ਇਸ ਮੌਕੇ ਲਾਲ ਚੰਦ ਜ਼ਿਲ੍ਹਾ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਤੋਂ ਡਰਣ ਦੀ ਲੋੜ ਨਹੀਂ, ਬਲਕਿ ਇਸ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਸਾਰਿਆਂ ਨੂੰ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਘਰਾਂ ਵਿੱਚ ਵਾਧੂ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗਮਲੇ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ।


ਇਸ ਮੌਕੇ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਤੇ ਭਗਵਾਨ ਦਾਸ ਜ਼ਿਲ੍ਹਾ ਸਿਹਤ ਇੰਸਪੈਕਟਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸ਼ਹਿਰਾਂ ਦੇ ਵੱਖ-ਵੱਖ ਖੇਤਰਾਂ ਅਤੇ ਹਾਈ ਰਿਸਕ ਏਰੀਏ ਵਿੱਚ ਜਾ ਕੇ ਲੋਕਾਂ ਨੂੰ ਘਰਾਂ ਵਿੱਚ ਅਤੇ ਘਰਾਂ ਦੇ ਆਸ-ਪਾਸ ਪਾਣੀ ਜਮ੍ਹਾ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਖੜੇ ਪਾਣੀ ਵਿੱਚ ਲਾਰਵਾ ਵਿਰੋਧੀ ਸਪਰੇਅ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਣਕਾਰੀ ਦੇਣ ਲਈ ਜਾਗਰੁਕਤਾ ਪੈਂਫਲਿਟ ਵੰਡੇ ਜਾ ਰਹੇ ਹਨ ਅਤੇ ਘਰਾਂ ਵਿੱਚ ਖੜੇ ਪਾਣੀ ਵਿੱਚ ਪੈਦਾ ਹੋ ਰਹੇ ਮੱਛਰਾਂ ਦੇ ਲਾਰਵੇ ਨੂੰ ਮੌਕੇ ਤੇ ਨਸ਼ਟ ਕਰਵਾਇਆ ਜਾ ਰਿਹਾ ਹੈ।


ਉਨ੍ਹਾ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਲੱਛਣ ਜਿਵੇਂ ਤੇਜ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿੱਚ ਜਾ ਕੇ  ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ ਅਤੇ ਡੇਂਗੂ ਪਾਜ਼ੇਟਿਵ ਆਉਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਸੰਪੂਰਨ ਇਲਾਜ ਕਰਵਾਇਆ ਜਾਵੇ। ਡੇਂਗੂ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਸੁਭਾਸ਼ ਕੁਮਾਰ ਝਾਂਬ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।

Story You May Like