The Summer News
×
Wednesday, 15 May 2024

ਕੈਬਨਿਟ ਮੰਤਰੀ ਜਿੰਪਾ ਨੇ ਟਰੀਟਮੈਂਟ ਪਲਾਂਟ ਦੇ ਵਿਕਾਸ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੀ ਕੀਤੀ ਹਦਾਇਤ

ਬਟਾਲਾ  :  ਬ੍ਰਮ ਸ਼ੰਕਰ ਜਿੰਪਾ, ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪੰਜਾਬ  ਨੇ ਅੱਜ ਪਿੰਡ ਖਹਿਰਾ ਕਲਾਂ (ਫਤਿਹਗੜ੍ਹ ਚੂੜੀਆਂ) ਵਿਖੇਟਰੀਟਮੈਂਟ ਪਲਾਂਟ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਮੈਡਮ ਅਸ਼ਵਨੀ ਗੋਤਿਆਲ ਐਸ.ਐਸ.ਪੀ ਬਟਾਲਾ, ਚੇਅਰਮੈਨ ਪਨਸਪ ਪੰਜਾਬ ਬਲਬੀਰ ਸਿੰਘ ਪਨੂੰ, ਚੇਅਰਮੈਨ ਐਡਵੋਕੈਟ ਜਗਰੂਪ ਸਿੰਘ ਸੇਖਵਾਂ, ਐਸ.ਡੀ.ਐਮ ਬਟਾਲਾ ਡਾ. ਸ਼ਾਇਰੀ ਭੰਡਾਰੀ, ਗੁਰਦੀਪ ਸਿੰਘ ਰੰਧਾਵਾ ਉੱਘੇ ਜਨਤਕ ਆਗੂ ਡੇਰਾ ਬਾਬਾ ਨਾਨਕ, ਜਗਤਾਰ ਸਿੰਘ ਤਹਿਸਲੀਦਾਰ ਗੁਰਦਾਸਪੁਰ, ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਟਾਲਾ,ਚੀਫ ਇੰਜ: ਜਸਵਿੰਦਰ ਸਿੰਘ ਚਾਹਲ, ਐਸ.ਈ ਨਰਿੰਦਰਪਾਲ ਸਿੰਘ, ਐਕਸੀਅਨ ਸੁਖਦੀਪ ਸਿੰਘ ਧਾਲੀਵਾਲ, ਐਕਸੀਅਨ ਵਿਜੇ ਕੁਮਾਰ ਤੇ ਦਵਿੰਦਰਾ ਕੰਨਸਟਰੱਕਸ਼ਨ ਕੰਪਨੀ ਤੋਂ ਸੁਮਿਤ ਛਾਬੜਾ ਆਦਿ ਮੋਜੂਦ ਸਨ। ਇਸ ਮੌਕੇ ਉਨਾ ਟਰੀਟਮੈਂਟ ਪਲਾਂਟ ਦਾ ਦੋਰਾ ਕੀਤਾ ਤੇ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਜਲਦ ਸਵੱਛ ਪੀਣ ਯੋਗ ਸਾਫ ਸੁਥਰਾ ਪਾਣੀ ਮੁਹੱਈਆ ਕੀਤਾ ਜਾ ਸਕੇ।


 ਇਸ ਮੌਕੇ ਗੱਲ ਕਰਦਿਆਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਸੇਵਾਵਾਂ ਮੁਹੱਈਆ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਮੁਕੰਮਲ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


 ਉਨਾਂ ਅੱਗੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸੂਬੇ ਭਰ ਅੰਦਰ ਕਰੀਬ 2000 ਕਰੋੜ ਰੁਪਏ ਦੇ ਟਰੀਟਮੈਂਟ ਪਲਾਂਟ ਦੇ ਵਿਕਾਸ ਕੰਮ ਚੱਲ ਰਹੇ ਸਨ ਅਤੇ 4500 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਲਈ ਵਰਲਡ ਬੈਂਕ ਤੇ ਨਾਬਾਰਡ ਨੂੰ ਭੇਜੇ ਗਏ ਹਨ, ਜੋ ਜਲਦ ਸ਼ੁਰੂ ਹੋਣਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦਿਨ ਰਾਤ ਲੋਕਾਂ ਦੀ ਸਰਬਪੱਖੀ ਵਿਕਾਸ ਲਈ ਦ੍ਰਿੜ ਸੰਕਲਪ ਹੈ ਅਤੇ ਮਹਿਜ 15 ਮਹਿਨਿਆਂ ਦੇ ਕਾਰਜਕਾਲ ਦੌਰਾਨ, ਪੰਜਾਬ ਸਰਕਾਰ ਵਲੋਂ  ਹੁਣ ਤੱਕ 30,000 ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਜਾ ਚੁੱਕਾ  ਹੈ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਅਤੇ ਲੋਕਾਂ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਗਈ ਹੈ ਅਤੇ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਚੱਲ ਰਹੀਆਂ ਹਨ।


 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਪੇਂਡੂ ਖੇਤਰਾਂ ਵਿੱਚ ਛੱਪੜਾਂ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਤੇ ਜੋਰ ਦਿੰਦਿਆਂ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਸੁਚੱਜੀ ਵਰਤੋਂ ਕਰਨ ਅਤੇ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਲਈ ਸਰਕਾਰ ਨਾਲ ਸਹਿਯੋਗ ਕਰਨ।


ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯਕੀਨ ਦਿਵਾਉਂਦਿਆਂ ਕਿਹਾ ਕਿ ਉਹ ਟਰੀਟਮੈਂਟ ਪਲਾਂਟ ਦੇ ਵਿਕਾਸ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਵਾਉਣ ਤੋਂ ਇਲਾਵਾ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪੁਜਦਾ ਕਰਨ ਲਈ ਕੋਈ ਢਿੱਲਮੱਠ ਨਹੀਂ ਕੀਤੀ ਜਾਵੇਗੀ।ਇਸ ਮੌਕੇ ਚੇਅਰਮੈਨ ਪਨਸਪ ਪੰਜਾਬ ਬਲਬੀਰ ਸਿੰਘ ਪਨੂੰ, ਚੇਅਰਮੈਨ ਐਡਵੋਕੈਟ ਜਗਰੂਪ ਸਿੰਘ ਸੇਖਵਾਂ ਤੇ ਗੁਰਦੀਪ ਸਿੰਘ ਰੰਧਾਵਾ ਨੇ ਕੈਬਨਿਟ ਮੰਤਰੀ  ਬ੍ਰਮ ਸ਼ੰਕਰ ਜਿੰਪਾ ਦਾ ਇਥੇ ਪੁਹੰਚਣ ਤੇ ਭਰਵਾਂ ਸਵਾਗਤ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਹਿੱਤ ਲਈ ਵੱਡੇ ਇਤਿਹਾਸਕ ਫੈਸਲੇ ਲਏ ਗਏ ਹਨ ਅਤੇ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਕੈਬਨਿਟ ਮੰਤਰੀ ਜਿੰਪਾ ਵਲੋਂ ਟਰੀਟਮੈਂਟ ਪਲਾਂਟ ਦੇ ਕੰਮਾਂ ਦਾ ਨਿਰੀਖਣ ਕਰਨ ਆਉਣ ਨਾਲ ਹੁਣ ਇਸ ਕੰਮ ਵਿੱਚ ਹੋਰ ਤੇਜ਼ੀ ਆਵੇਗੀ ਤੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੇ 40 ਪਿੰਡਾਂ ਨੂੰ ਸਵੱਛ ਪੀਣ ਯੋਗ ਪਾਣੀ ਮੁਹੱਈਆ ਹੋਵੇਗਾ।


ਇਸ ਮੌਕੇ ਜਸਵਿੰਦਰ ਸਿੰਘ, ਚੀਫ ਇੰਜੀਨਅਰ ਜਲ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਨੇ ਦੱਸਿਆ ਕਿ ਟਰੀਟਮੈਂਟ ਪਲਾਂਟ ਖਹਿਰਾਂ ਕਲਾਂ ਤੋਂ 40 ਪਿੰਡਾਂ ਦੇ ਕਰੀਬ 64 ਹਜ਼ਾਰ ਲੋਕਾਂ ਨੂੰ ਫਾਇਦਾ ਮਿਲੇਗਾ ਤੇ ਸਵੱਛ ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਕਰੀਬ 45 ਕਰੋੜ ਰੁਪਏ ਦੀ ਲਾਗਤ ਨਾਲ ਟਰੀਟਮੈਂਟ ਪਲਾਂਟ ਦਾ ਕੰਮ ਪ੍ਰਗਤੀ ਅਧੀਨ ਹੈ , ਇਸ ਨਾਲ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ 27 ਪਿੰਡਾਂ ਤੇ ਡੇਰਾ ਬਾਬਾ ਨਾਨਕ ਦੇ 13 ਪਿੰਡਾਂ ਦੇ ਲੋਕਾਂ ਨੂੰ ਸਵੱਛ ਪੀਣ ਯੋਗ ਸਾਫ ਸੁਥਰਾ ਪਾਣੀ ਮੁਹੱਈਆ ਕੀਤਾ ਜਾਵੇਗਾ।  ਉਨਾਂ ਦੱਸਿਆ ਕਿ ਇਸੇ ਸਾਲ 2023 ਵਿੱਚ ਇਹ ਟਰੀਟਮੈਂਟ ਪਲਾਂਟ ਦਾ ਕੰਮ ਮੁਕੰਮਲ ਹੋ ਜਾਵੇਗਾ।


ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਕੈਬਨਿਟ ਮੰਤਰੀ ਸ੍ਰੀ ਜਿੰਪਾ ਦਾ ਟਰੀਟਮੈਂਟ ਪਲਾਂਟ, ਖਹਿਰਾਂ ਕਲਾਂ ਵਿਖੇ ਪਹੁੰਚਣ ਤੇ ਸਲਾਮੀ ਦਿੱਤੀ ਗਈ। ਸਮਾਗਮ ਦੇ ਆਖਰ ਵਿੱਚ ਖਹਿਰਾਂ ਕਲਾਂ ਦੇ ਆਪ ਪਾਰਟੀ ਦੇ ਮੋਹਤਬਰ ਵਿਅਕਤੀਆਂ ਵਲੋਂ ਸਾਰੀਆਂ ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ ਡੀ ੳ ਦਰਸਨ ਕੁਮਾਰ , ਜਗਜੀਤ ਸਿੰਘ ਜੇਈ , ਅਲੋਕ ਸਰਮਾ ਜੇਈ , ਧਰੂ ਹਾਡਾਂ ਜੇਈ , ਅਰਪਿੰਦਰ ਕੌਰ ਸੀਡੀਐਸ, ਬਿਕਰਮਜੀਤ ਸਿੰਘ , ਸਰਪੰਚ ਹਕੂਮਤ ਰਾਏ ਖਹਿਰਾ ਕਲ੍ਹਾ ,ਅਮਰਜੀਤ ਕੌਰ ,ਖਹਿਰਾ ਖੁਰਦ ਸਰਪੰਚ  ਮਾਸਟਰ ਅਵਤਾਰ ਸਿੰਘ ,ਗੁਰਮੇਜ ਸਿੰਘ ,ਅਮਿੰਤਪਾਲ ਸਿੰਘ ,ਹਰਭਜਨ ਕੌਰ ,ਕੁਲਦੀਪ ਕੌਰ ਆਦਿ ਹਾਜਰ ਸਨ।

Story You May Like