The Summer News
×
Sunday, 12 May 2024

ਖੇਤੀਬਾੜੀ ਵਿਭਾਗ ਵਲੋਂ ਖਾਦ ਤੇ ਨਕਲੀ ਕੀੜੇਮਾਰ ਦਵਾਈਆਂ ਦੀ ਫੈਕਟਰੀ ਦਾ ਕੀਤਾ ਪਰਦਾਫਾਸ਼

ਜੱਸਕਰਨ ਭੁੱਲਰ 


ਲੁਧਿਆਣਾ : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੁਹਾੜਾ ਵਿਖੇ ਲੱਖੋਵਾਲ ਰੋਡ ਤੇ ਸਥਿਤ ਸੈਕਟੀਸਾਈਡ ਇੰਡੀਆ ਪ੍ਰਾਈਵੇਟ ਲਿਮਟਿਡ ਵਿਖੇ ਅੱਜ ਖੇਤੀਬਾੜੀ ਵਿਕਾਸ ਅਫ਼ਸਰ ਲੁਧਿਆਣਾ ਦੇ ਪ੍ਰਦੀਪ ਸਿੰਘ ਟਿਵਾਣਾ ਅਤੇ ਟੀਮ ਵਲੋਂ ਕੂੰਮਕਲਾਂ ਪੁਲਸ ਪਾਰਟੀ ਸਮੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸੈਕਟੀਸਾਈਡ ਇੰਡੀਆ ਪ੍ਰਾਈਵੇਟ ਲਿਮਟਿਡ ਸਟੋਰ ਵਿਚੋਂ ਨਕਲੀ ਕੀੜੇਮਾਰ ਦਵਾਈਆਂ ਤੇ ਨਕਲੀ ਖਾਦ ਦਾ ਸਟਾਕ ਮੌਕੇ ਤੇ ਮੌਜੂਦ ਪਾਇਆ ਗਿਆ, ਜਦਕਿ ਕੋਈ ਵੀ ਜ਼ਿੰਮੇਵਾਰ ਵਿਅਕਤੀ ਹਾਜ਼ਰ ਨਹੀਂ ਸੀ ਅਤੇ ਨਾ ਹੀ ਕੋਈ ਉਸ ਸਮੇਂ ਉੱਥੇ ਪੁੱਜਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਇਸ ਕੰਪਨੀ ਨੂੰ ਰਾਹੁਲ ਰਾਜੀਵ ਹਾਕੀਮ ਵਾਸੀ ਕਲਿਆਣ ਵੈਸਟ ਮੁੰਬਈ, ਮਨੀਸ਼ ਗੁਪਤਾ ਵਾਸੀ ਗੌਤਮ ਬੁੱਧ ਨਗਰ ਨੋਇਡਾ, ਅਮਿਤ ਕੁਮਾਰ ਵਾਸੀ ਨਵੀਂ ਦਿੱਲੀ ਅਤੇ ਪ੍ਰਦੀਪ ਕੁਮਾਰ ਵਾਸੀ ਦਿੱਲੀ ਐੱਨ. ਸੀ. ਆਰ. ਚਲਾ ਰਹੇ ਹਨ ਅਤੇ ਸਾਜਿਸ਼ ਤਹਿਤ ਨਕਲੀ ਕੀੜੇਮਾਰ ਦਵਾਈਆਂ ਤੇ ਖਾਦ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸਪਲਾਈ ਕਰ ਰਹੇ ਹਨ, ਜਿਸ ਨਾਲ ਸੂਬੇ ਦੇ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰ ਉਪਜਾਊ ਜਮੀਨ ਨੂੰ ਬੰਜਰ ਕਰ ਰਹੇ ਹਨ। ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਗੁਦਾਮ ਤੇ ਸਟੋਰ ’ਚੋਂ ਕੀੜੇਮਾਰ ਦਵਾਈਆਂ ਦੇ 6 ਅਤੇ ਖਾਦ ਦੇ 3 ਸੈਂਪਲ ਭਰੇ ਗਏ, ਜਿਸ ਉਪਰੰਤ ਕੰਪਨੀ ਦਾ ਗੁਦਾਮ ਤੇ ਸਟੋਰ ਸੀਲ ਕਰ ਦਿੱਤਾ ਗਿਆ।


ਕੂੰਮਕਲਾਂ ਪੁਲਸ ਵਲੋਂ ਰਾਹੁਲ ਰਾਜੀਵ ਹਾਕੀਮ ਵਾਸੀ ਕਲਿਆਣ ਵੈਸਟ ਮੁੰਬਈ, ਮਨੀਸ਼ ਗੁਪਤਾ ਵਾਸੀ ਗੌਤਮ ਬੁੱਧ ਨਗਰ ਨੋਇਡਾ, ਅਮਿਤ ਕੁਮਾਰ ਵਾਸੀ ਨਵੀਂ ਦਿੱਲੀ ਅਤੇ ਪ੍ਰਦੀਪ ਕੁਮਾਰ ਵਾਸੀ ਦਿੱਲੀ ਐੱਨ. ਸੀ. ਆਰ. ਖਿਲਾਫ਼ ਖਾਦ ਕੰਟਰੋਲ ਆਰਡਰ-1985 ਦੀ ਧਾਰਾ 7,8 ਤੇ 9, ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3,7 ਤੇ 10, ਇਨਸੈਕਟੀਸਾਈਡ ਦੀ ਧਾਰਾ 13,17,18 ਤੇ 33, ਇਨਸੈਕਟੀਸਾਈਡ ਰੂਲਜ਼ ਦੀ ਧਾਰਾ 9,10 ਤੇ 15 ਅਤੇ ਆਈ.ਪੀ.ਸੀ. ਦੀ ਧਾਰਾ 420, 120-ਬੀ ਅਤੇ ਸੀ.ਆਰ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਖੇਤੀਬਾੜੀ ਅਫ਼ਸਰ ਪ੍ਰਦੀਪ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਕੰਪਨੀ ਨੂੰ ਚਲਾ ਰਹੇ ਕਥਿਤ ਦੋਸ਼ੀ ਵੱਖ-ਵੱਖ ਬਰਾਂਡਡ ਕੰਪਨੀ ਦੇ ਮਾਰਕੇ ਲਗਾ ਕੇ ਨਕਲੀ ਖਾਦ ਤੇ ਦਵਾਈਆਂ ਤਿਆਰ ਕਰਦੇ ਸਨ ਜਿਸ ’ਤੇ ਗੁਜਰਾਤ ਦੀ ਇੱਕ ਔਰਚਡ ਐਗਰੋ ਸਿਸਟਮ ਕੰਪਨੀ ਨੇ ਉੱਥੋਂ ਦੇ ਖੇਤੀਬਾੜੀ ਡਾਇਰੈਕਟਰ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਇੱਕ ਕੰਪਨੀ ਨਕਲੀ ਕੀੜੇਮਾਰ ਦਵਾਈਆਂ ਤੇ ਖਾਦਾਂ ਦਾ ਸਾਡੇ ਨਾਮ ਹੇਠ ਗੋਰਖਧੰਦਾ ਚਲਾ ਰਹੀ ਹੈ, ਜਿਸ ’ਤੇ ਗੁਜਰਾਤ ਦੇ ਡਾਇਰੈਕਟਰ ਨੇ ਲੁਧਿਆਣਾ ਦੇ ਡਾਇਰੈਕਟਰ ਨਾਲ ਇਸ ਸਬੰਧੀ ਗੱਲਬਾਤ ਕੀਤੀ ਅਤੇ ਮੌਕੇ ’ਤੇ ਕਾਰਵਾਈ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਗੋਰਖਧੰਦਾ ਚਲਾਉਣ ਵਾਲੇ ਵਿਅਕਤੀ ਪੱਕੇ ਤੌਰ ’ਤੇ ਇੱਥੇ ਨਹੀਂ ਰਹਿੰਦੇ ਸਨ ਅਤੇ 15-20 ਦਿਨ ਬਾਅਦ ਆ ਕੇ ਆਪਣੇ ਆਰਡਰ ਦੇ ਹਿਸਾਬ ਨਾਲ ਮਾਲ ਤਿਆਰ ਕਰਕੇ ਉਨ੍ਹਾਂ ਦੀ ਸਪਲਾਈ ਦੇ ਦਿੰਦੇ।


Story You May Like