The Summer News
×
Thursday, 09 May 2024

ਸਰਕਾਰੀ ਹਸਪਤਾਲਾਂ ਨੂੰ ਹਰ ਪੱਖੋਂ ਬਣਾਇਆ ਜਾਵੇਗਾ ਸਰਵੋਤਮ : ਸਿਹਤ ਮੰਤਰੀ ਡਾ. ਬਲਬੀਰ ਸਿੰਘ

ਬੰਗਾ, 17 ਮਈ 2023 : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੋਂ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਨਿਰੀਖਣ ਕੀਤਾ। ਸਿਹਤ ਮੰਤਰੀ ਨੇ ਸਰਕਾਰੀ ਹਸਪਤਾਲ ਵਿੱਚ ਸਾਫ-ਸਫਾਈ ਪ੍ਰਬੰਧਾਂ ਨੂੰ ਵੀ ਦੇਖਿਆ। ਉਨ੍ਹਾਂ ਹਸਪਤਾਲ ਦੀ ਓ.ਪੀ.ਡੀ., ਐਮਰਜੈਂਸੀ ਵਾਰਡ ਸਮੇਤ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਹਸਪਤਾਲ ਵਿੱਚ ਮੈਡੀਕਲ ਸਾਜੋ-ਸਮਾਨ ਦੀ ਚੈਕਿੰਗ ਵੀ ਕੀਤੀ।


ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਵਿਚ ਜੇਰੇ ਇਲਾਜ ਮਰੀਜ਼ਾਂ ਨਾਲ ਗੱਲਬਾਤ ਕਰਨ ਉਪਰੰਤ ਡਾਕਟਰੀ ਸਟਾਫ਼ ਨੂੰ ਸਿਹਤ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਡਾ. ਬਲਬੀਰ ਸਿੰਘ ਨੇ ਹਸਪਤਾਲ ਦੇ ਕੰਮਕਾਜ 'ਤੇ ਹਰ ਪੱਖੋਂ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਵਿਸ਼ਵ ਪੱਧਰੀ ਸਿਹਤ ਸੁਵਿਧਾਵਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਦਿਸ਼ਾ ਵਿੱਚ ਤਰਜੀਹੀ ਆਧਾਰ ’ਤੇ ਢੁਕਵੇਂ ਕਦਮ ਪੁੱਟੇ ਜਾ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸਿਹਤ ਸੁਵਿਧਾਵਾਂ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵੱਖ-ਵੱਖ ਮਹੱਤਵਪੂਰਨ ਉਪਰਾਲੇ ਅਮਲ ਵਿੱਚ ਲਿਆ ਰਹੀ ਹੈ ਅਤੇ ਜਲਦੀ ਹੀ ਸਰਕਾਰੀ ਸਿਹਤ ਸੰਸਥਾਨਾਂ ਨੂੰ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸੁਵਿਧਾਵਾਂ ਨਾਲ ਲੈਸ ਕਰ ਦਿੱਤਾ ਜਾਵੇਗਾ।


ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੀਚਾ ਮਿਥਿਆ ਗਿਆ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਹਰ ਪੱਖੋਂ ਸਰਵੋਤਮ ਬਣਾਇਆ ਜਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਹਸਪਤਾਲ ਵਿੱਚ ਨਾ ਤਾਂ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਰਹੇਗੀ ਤੇ ਨਾ ਹੀ ਲੋੜਵੰਦਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।


ਸਿਹਤ ਮੰਤਰੀ ਨੇ ਸੂਬੇ ਵਿੱਚ ਸਥਾਪਤ 580 ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਲੋਕ ਕਾਫੀ ਲਾਭ ਉਠਾ ਰਹੇ ਹਨ। ਇਹ ਕਲੀਨਿਕ ਲੋਕਾਂ ਦੇ ਘਰਾਂ ਦੇ ਨੇੜੇ ਹੋਣ ਕਰਕੇ ਆਮ ਲੋਕਾਂ ਲਈ ਬਹੁਤ ਸਹਾਈ ਸਿੱਧ ਹੋ ਰਹੇ ਹਨ। ਇਹ ਕਲੀਨਿਕ ਆਮ ਬਿਮਾਰੀਆਂ, ਸੱਟਾਂ ਲਈ ਫਸਟ ਏਡ, ਡਰੈਸਿੰਗ ਅਤੇ ਜ਼ਖ਼ਮਾਂ ਦਾ ਇਲਾਜ ਕਰਕੇ ਆਊਟਡੋਰ ਮਰੀਜ਼ਾਂ ਨੂੰ ਦੇਖਭਾਲ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ਕਲੀਨਿਕਾਂ ਰਾਹੀਂ ਰੈਫਰਲ ਸਿਸਟਮ ਵੀ ਕਾਫੀ ਮਜਬੂਰ ਹੋਇਆ ਹੈ।

Story You May Like