The Summer News
×
Sunday, 12 May 2024

ਸਾਕੇਤ ਹਸਪਤਾਲ ਵਿਖੇ ਹੁਨਰ ਵਿਕਾਸ ਕੇਂਦਰ ਕੋਰਸ ਦੇ ਦੂਜੇ ਬੈਚ ਦੀ ਸ਼ੁਰੂਆਤ

ਪਟਿਆਲਾ, 12 ਮਈ : ਨਸ਼ਿਆਂ ਦੀ ਲਾਹਨਤ ਦੇ ਸ਼ਿਕਾਰ ਵਿਅਕਤੀਆਂ ਦੇ ਪੁਨਰ ਵਸੇਬੇ ਲਈ ਪਟਿਆਲਾ ਵਿਖੇ ਚਲਾਏ ਜਾ ਰਹੇ ਸਾਕੇਤ ਨਸ਼ਾ ਮੁਕਤੀ ਹਸਪਤਾਲ ਤੇ ਪੁਨਰਵਾਸ ਕੇਂਦਰ ਵਿਖੇ ਇਲਾਜ ਕਰਵਾ ਰਹੇ ਵਿਅਕਤੀਆਂ ਦੇ ਹੁਨਰ ਵਿਕਾਸ ਲਈ ਸਕਿਲ ਡਿਵੈਲਪਮੈਂਟ ਕੋਰਸ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕੀਤੀ ਗਈ ਸੀ। ਇਸ ਕੋਰਸ ਦੇ ਦੂਜੇ ਬੈਚ ਦੀ ਸ਼ੁਰੂਆਤ ਅੱਜ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਕਰਵਾਈ।


ਏ.ਡੀ.ਸੀ. ਨੇ ਦੱਸਿਆ ਕਿ ਪਟਿਆਲਾ ਪ੍ਰਸ਼ਾਸਨ (ਜ਼ਿਲ੍ਹਾ ਸਕਿੱਲ ਕਮੇਟੀ) ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇਹ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਨਸ਼ਾਖੋਰੀ ਦੇ ਪੀੜਤਾਂ ਨੂੰ ਸਾਕੇਤ ਪੁਨਰਵਾਸ ਕੇਂਦਰ ਵਿੱਚ ਆਪਣੇ ਠਹਿਰਾਅ ਦੌਰਾਨ ਹੁਨਰ ਹਾਸਲ ਕਰਨ ਅਤੇ ਨਸ਼ਾ ਰਹਿਤ ਜ਼ਿੰਦਗੀ ਦੇ ਇੱਕ ਕਦਮ ਹੋਰ ਨੇੜੇ ਜਾਣ ਵਿੱਚ ਮਦਦ ਕੀਤੀ ਜਾ ਸਕੇ।


ਈਸ਼ਾ ਸਿੰਘਲ ਨੇ ਦੱਸਿਆ ਕਿ ਇੱਥੇ ਸਕਿਲ ਡਿਵੈਲਪਮੈਂਟ ਦਾ ਇਹ ਕੋਰਸ  ਆਈਸੀਆਈਸੀਆਈ ਫਾਊਂਡੇਸ਼ਨ, ਮੁਹਾਲੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਮਲਟੀ ਸਕਿੱਲ ਟੈਕਨੀਸ਼ੀਅਨ ਦਾ 25 ਦਿਨਾਂ ਇੱਕ ਕੋਰਸ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਦੁਆਰਾ ਪ੍ਰਮਾਣਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੈਸ਼ਨਲ ਫੈਲੋ ਅਭਿਸ਼ੇਕ ਸ਼ਰਮਾ ਦੇ ਨਾਲ ਡੀਪੀਐਮਯੂ, ਪੀਐਸਡੀਐਮ ਤੋਂ ਉਪਕਾਰ ਸਿੰਘ, ਗਗਨਦੀਪ ਕੌਰ ਅਤੇ ਹਰਲੀਨ ਕੌਰ ਨੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।


ਉਦਘਾਟਨੀ ਸਮਾਰੋਹ ਮੌਕੇ ਏ.ਡੀ.ਸੀ. ਈਸ਼ਾ ਸਿੰਗਲ ਨੇ ਉਮੀਦਵਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਮੌਜੂਦਾ ਸਮੇਂ ਹੁਨਰ ਦੀ ਮਹੱਤਤਾ ਬਾਰੇ ਦੱਸਦਿਆਂ ਆਪਣਾ ਧਿਆਨ ਕੇਵਲ ਕੁਝ ਸਿੱਖਣ ਉਪਰ ਹੀ ਕੇਂਦਰਿਤ ਕਰਕੇ ਉਨ੍ਹਾਂ ਨੂੰ ਮਿਲੇ ਇਸ ਮੌਕੇ ਦੀ ਸਦਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਸਵਿੰਦਰ ਸਿੰਘ ਨੇ ਵੀ ਉਮੀਦਵਾਰਾਂ ਨੂੰ ਇਸ ਵਿਲੱਖਣ ਮੌਕੇ ਦਾ ਲਾਭ ਉਠਾਉਣ ਲਈ ਕਿਹਾ ਅਤੇ ਉਨ੍ਹਾਂ ਨੂੰ ਨਵੇਂ ਹੁਨਰ ਸਿੱਖਣ ਵਰਗੀਆਂ ਉਸਾਰੂ ਗਤੀਵਿਧੀਆਂ ਵੱਲ ਆਪਣੀ ਊਰਜਾ ਨੂੰ ਲਗਾਉਣ ਲਈ ਕਿਹਾ।


ਇਸ ਮੌਕੇ ਸੈਂਟਰ ਹੈੱਡ, ਸਾਕੇਤ ਹਸਪਤਾਲ ਡਾ: ਪਰਮਿੰਦਰ ਕੌਰ, ਐਮ.ਜੀ.ਐਨ.ਐਫ ਅਭਿਸ਼ੇਕ ਸ਼ਰਮਾ ਅਤੇ ਆਈਸੀਆਈਸੀਆਈ ਫਾਊਂਡੇਸ਼ਨ, ਮੋਹਾਲੀ ਦੇ ਸੈਂਟਰ ਹੈੱਡ ਦੀਪਕ ਸ਼ਰਮਾ ਨੇ ਵੀ ਸੰਬੋਧਨ ਕੀਤਾ।

Story You May Like