The Summer News
×
Tuesday, 21 May 2024

ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਲਗਾਇਆ ਮੈਡੀਕਲ ਕੈਂਪ

ਨਾਭਾ, 17 ਜੂਨ: ਸਿਹਤ ਵਿਭਾਗ ਅਧੀਨ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋਂ ਇੰਟੈਗਰੇਟਿਡ ਯੌਨ ਰੋਗ, ਐਚ.ਆਈ.ਵੀ, ਟੀ.ਬੀ ਅਤੇ ਵਾਇਰਲ ਹੈਪੇਟਾਈਟਸ ਦੇ ਮਰੀਜਾਂ ਦੀ ਸ਼ਨਾਖ਼ਤ ਕਰਨ ਲਈ ਸਮੂਹ ਜੇਲ੍ਹਾਂ ਵਿੱਚ ਬੰਦੀਆਂ ਦੀ ਅਜਿਹੇ ਰੋਗਾਂ ਦੀ ਜਾਂਚ ਲਈ ਸਕਰੀਨਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਨਵੀਂ ਜ਼ਿਲ੍ਹਾ ਜੇਲ ਨਾਭਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਐਸ.ਡੀ.ਐਮ. ਨਾਭਾ ਤਰਸੇਮ ਚੰਦ ਮੌਜੂਦ ਸਨ।


ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਦੇ ਹੁਕਮਾਂ ਅਨੁਸਾਰ ਬੰਦੀਆਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਨਾਭਾ ਦੇ ਮਾਹਰ ਡਾਕਟਰਾਂ ਅਤੇ ਐਸ.ਐਮ.ਓ. ਸਿਵਲ ਹਸਪਤਾਲ ਨਾਭਾ ਡਾ. ਸੰਜੇ ਗੋਇਲ, ਜ਼ਿਲ੍ਹਾ ਟੀ.ਬੀ. ਅਫ਼ਸਰ ਅਤੇ ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਗੁਰਪ੍ਰੀਤ ਨਾਗਰਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਦਿਵਜੋਤ ਸਿੰਘ ਦੀ ਟੀਮ ਵੱਲੋਂ ਬੰਦੀਆਂ ਦੇ ਵੱਖ ਵੱਖ ਬੀਮਾਰੀਆਂ ਦੇ ਟੈਸਟ ਕੀਤੇ ਗਏ ਹਨ।


ਐਸ.ਐਮ.ਓ. ਸਿਵਲ ਹਸਪਤਾਲ ਨਾਭਾ ਨੇ ਦੱਸਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਇਸ ਮੁਹਿੰਮ ਦੌਰਾਨ ਇਨ੍ਹਾਂ ਬੀਮਾਰੀਆਂ ਸਬੰਧੀ ਕਾਉਂਸਲਿੰਗ, ਸਕਰੀਨਿੰਗ ਕਰਨ ਦਾ ਮੁੱਖ ਉਦੇਸ਼ ਅਜਿਹੇ ਮਰੀਜ਼ਾਂ ਦੀ ਭਾਲ ਕਰਨਾ ਹੈ ਜੋ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹਨ ਤਾਂ ਜੋ ਉਹਨਾਂ ਦੀ ਭਾਲ ਕਰਕੇ ਅਤੇ ਸਮੇਂ ਸਿਰ ਇਲਾਜ ਕਰਵਾ ਕੇ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਡਿਪਟੀ ਜੇਲ੍ਹ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਸਹਾਇਕ ਜੇਲ੍ਹ ਸੁਪਰਡੈਂਟ ਪੁਨੀਤ ਗਰਗ, ਸ਼ਰੀਫ ਮੁਹੰਮਦ, ਰਾਹੁਲ ਚੌਧਰੀ ਸਮੇਤ ਜੇਲ੍ਹ ਸਟਾਫ਼ ਮੌਜੂਦ ਸੀ।

Story You May Like