The Summer News
×
Monday, 29 April 2024

ਭਾਰਤ ਦੀ ਪਹਿਲੀ ਹਾਈਡ੍ਰੋਜਨ ਕਾਰ ‘ਚ ਸੰਸਦ ਪਹੁੰਚੇ ਨਿਤਿਨ ਗਡਕਰੀ

ਦਿੱਲੀ: ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੈ। ਅਜਿਹੇ ‘ਚ ਲੋਕ ਪੈਟਰੋਲ ਅਤੇ ਡੀਜ਼ਲ ਦੇ ਬਦਲ ਵਜੋਂ CNG ਵਰਗੇ ਈਂਧਨ ਤੇ ਭਰੋਸਾ ਕਰ ਰਹੇ ਹਨ। ਇਸ ਦੌਰਾਨ ਦੇਸ਼ ‘ਚ ਇੱਕ ਹਾਈਡ੍ਰੋਜਨ ਕਾਰ ਵੀ ਸਾਹਮਣੇ ਆਈ ਹੈ। ਬੁੱਧਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਹਾਈਡ੍ਰੋਜਨ ਕਾਰ ਤੇ ਸੰਸਦ ਪਹੁੰਚੇ। ਨਿਤਿਨ ਗਡਕਰੀ ਨੇ ਇਸ ਦੌਰਾਨ ਕਿਹਾ ਕਿ ਸਵੈ-ਨਿਰਭਰ ਬਣਨ ਦੀ ਦਿਸ਼ਾ ‘ਚ ਅਸੀਂ ਗ੍ਰੀਨ ਹਾਈਡ੍ਰੋਜਨ ਪੇਸ਼ ਕੀਤੀ ਹੈ। ਇਹ ਕਾਰ ਇੱਕ ਪਾਇਲਟ ਪ੍ਰੋਜੈਕਟ ਹੈ। ਹੁਣ ਦੇਸ਼ ‘ਚ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕੀਤਾ ਜਾਵੇਗਾ। ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ। ਸਰਕਾਰ ਨੇ ਇਸ ਲਈ 3000 ਕਰੋੜ ਰੁਪਏ ਦਾ ਮਿਸ਼ਨ ਤੈਅ ਕੀਤਾ ਹੈ। ਜਲਦੀ ਹੀ ਭਾਰਤ ਗ੍ਰੀਨ ਹਾਈਡ੍ਰੋਜਨ ਦਾ ਨਿਰਯਾਤ ਵੀ ਕਰੇਗਾ। ਜਿੱਥੇ ਵੀ ਕੋਲੇ ਦੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਹਰੇ ਹਾਈਡ੍ਰੋਜਨ ਦੀ ਵਰਤੋਂ ਕੀਤੀ ਜਾਵੇਗੀ।



ਟੈਂਕ ਭਰ ਜਾਣ ‘ਤੇ ਇਹ ਹਾਈਡ੍ਰੋਜਨ ਕਾਰ ਲਗਭਗ 650 ਕਿਲੋਮੀਟਰ ਤੱਕ ਚੱਲੇਗੀ। ਇਸ ਹਾਈਡ੍ਰੋਜਨ ਕਾਰ ਰਾਹੀਂ 2 ਰੁਪਏ ਪ੍ਰਤੀ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਸਿਰਫ 5 ਮਿੰਟਾਂ ਵਿੱਚ ਬਾਲਣ ਭਰਿਆ ਜਾ ਸਕਦਾ ਹੈ। ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਹਾਈਡ੍ਰੋਜਨ ਕਾਰ ਰਾਹੀਂ ਸੰਸਦ ਭਵਨ ਪਹੁੰਚੇ ਤਾਂ ਲੋਕਾਂ ਲਈ ਇਹ ਨਵਾਂ ਤਜਰਬਾ ਸੀ। ਸੰਸਦ ਭਵਨ ਦੇ ਕਰਮਚਾਰੀ ਇਸ ਕਾਰ ਨੂੰ ਉਤਸੁਕਤਾ ਨਾਲ ਦੇਖ ਰਹੇ ਸਨ ਜਦਕਿ ਸੰਸਦ ਮੈਂਬਰਾਂ ਨੇ ਇਸ ਕਾਰ ਦੀ ਤਾਰੀਫ ਕੀਤੀ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸ ਕਾਰ ਨੂੰ ਨਿਤਿਨ ਗਡਕਰੀ ਨਾਲ ਦੇਖਿਆ, ਜਦੋਂ ਕਿ ਇਸ ਕਾਰ ਬਾਰੇ ਪੁੱਛੇ ਜਾਣ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੁਸਕਰਾ ਪਏ।



ਉਥੇ ਹੀ ਇਕ ਸੰਸਦ ਮੈਂਬਰ ਜੋਕਿ ਪੈਟਰੋਲੀਅਮ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਉਹ ਖੁਦ ਕੈਮੀਕਲ ਇੰਜੀਨੀਅਰ ਹਨ ਅਤੇ ਇਹ ਭਵਿੱਖ ਦੀ ਕਾਰ ਹੈ। ਜਦੋਂ ਕੇਂਦਰੀ ਮੰਤਰੀ ਇਸ ਤਰ੍ਹਾਂ ਦੀ ਕਾਰ ਵਿੱਚ ਆਏ ਹਨ ਤਾਂ ਲੋਕਾਂ ਦਾ ਮਨੋਬਲ ਜ਼ਰੂਰ ਵਧੇਗਾ। ਲੋਕਾਂ ਨੂੰ ਬਦਲਵੇਂ ਈਂਧਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਹਾਈਡ੍ਰੋਜਨ ਕਾਰਾਂ ਭਵਿੱਖ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਅਤੇ ਇਹ ਆਤਮ-ਨਿਰਭਰ ਭਾਰਤ ਬਣਨ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਹੈ। ਹਾਈਡ੍ਰੋਜਨ ਦੀਆਂ ਤਿੰਨ ਕਿਸਮਾਂ ਹਨ, ਇਹ ਹਰਾ ਹਾਈਡ੍ਰੋਜਨ ਹੈ ਅਤੇ ਇਸਦੀ ਕੀਮਤ 2 ਰੁਪਏ ਪ੍ਰਤੀ ਕਿਲੋਮੀਟਰ ਆਵੇਗੀ। ਇਸ ਦਾ ਜਾਪਾਨੀ ਨਾਮ ਮੇਰਾਈ ਹੈ। ਜਲਦ ਹੀ ਇਹ ਗੱਡੀ ਭਾਰਤ ‘ਚ ਆਵੇਗੀ ਅਤੇ ਭਾਰਤ ‘ਚ ਇਸ ਦੇ ਫਿਲਿੰਗ ਸਟੇਸ਼ਨ ਲਗਾਏ ਜਾਣਗੇ।



Story You May Like