The Summer News
×
Sunday, 12 May 2024

ਪਟਿਆਲਾ ਜ਼ਿਲ੍ਹੇ ਨੂੰ ਕੀਤਾ ਜਾਵੇਗਾ ਮੋਤੀਆ ਮੁਕਤ : ਸਾਕਸ਼ੀ ਸਾਹਨੀ

ਪਟਿਆਲਾ, 12 ਮਈ: ਪਟਿਆਲਾ ਜ਼ਿਲ੍ਹੇ ਨੂੰ ਮੋਤੀਆ ਮੁਕਤ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਪਹਿਲੇ ਪੜਾਅ 'ਚ ਬਲਾਕ ਭਾਦਸੋਂ ਨੂੰ ਮੋਤੀਆ ਮੁਕਤ ਕੀਤਾ ਜਾ ਚੁੱਕਾ ਹੈ ਤੇ ਬਲਾਕ ਦੁਧਨਸਾਧਾ ਨੂੰ ਮੋਤੀਆ ਮੁਕਤ ਕਰਨ ਲਈ ਸਿਹਤ ਵਿਭਾਗ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਿਹਤ ਵਿਭਾਗ ਵੱਲੋਂ ਸਾਲ 2022- 2023 ਦੌਰਾਨ 28 ਹਜ਼ਾਰ 58 ਮੋਤੀਆ ਦੇ ਕੀਤੇ ਆਪਰੇਸ਼ਨ 'ਤੇ ਤਸੱਲੀ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਮੋਤੀਆਂ ਮੁਕਤ ਕਰਨ ਲਈ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਲਾਕ ਦੁਧਨਸਾਧਾ ਨੂੰ ਵੀ ਜਲਦੀ ਮੋਤੀਆ ਮੁਕਤ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।  


ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਬਲਾਕ ਭਾਦਸੋਂ ਨੂੰ ਮੋਤੀਆ ਮੁਕਤ ਕਰਨ ਲਈ 91 ਮੋਤੀਆ ਦੇ ਆਪਰੇਸ਼ਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਂਡਨੈਸ ਤਹਿਤ ਮੋਤੀਆ ਦੇ ਅਪਰੇਸ਼ਨ ਕਰਨ ਦੇ ਟੀਚੇ ਦੀ ਪ੍ਰਾਪਤੀ 137 ਫ਼ੀਸਦੀ ਰਹੀ ਹੈ ਅਤੇ ਰਿਫਲੈਕਟਿਵ ਐਰਰ ਦੇ ਟੀਚੇ ਦੀ ਪ੍ਰਾਪਤ 153 ਫ਼ੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਦੁਧਨਸਾਧਾ ਨੂੰ ਮੋਤੀਆ ਮੁਕਤ ਕਰਨ ਲਈ 40 ਮਰੀਜ਼ਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦਾ ਆਪਰੇਸ਼ਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ਼ ਹਾਜ਼ਰ ਸਨ।

Story You May Like