The Summer News
×
Wednesday, 15 May 2024

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਕੀਤਾ ਦੌਰਾ

ਮਾਨਸਾ : ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਮਾਨਸਾ ਦੇ ਪਿੰਡ ਬਣਾਂਵਾਲੀ ਵਿੱਚ ਲੱਗੇ 1980 ਮੈਗਾਵਾਟ (3*660) ਸਮਰੱਥਾ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੌਰਾ ਕੀਤਾ। ਇਸ ਥਰਮਲ ਪਲਾਂਟ ਦੇ ਕੱਲ ਤਿੰਨੇ ਯੂਨਿਟ ਬੰਦ ਹੋ ਗਏ ਸਨ। ਥਰਮਲ ਪਲਾਂਟ ਦੇ ਇੰਜਨੀਅਰਾਂ ਵੱਲੋਂ ਬੇਸ਼ੱਕ ਇੱਕ ਯੂਨਿਟ ਨੂੰ ਸ਼ੁਰੂ ਕਰ ਲਿਆ ਗਿਆ ਹੈ, ਪ੍ਰੰਤੂ ਇਸ ਯੂਨਿਟ ਤੋਂ ਬਿਜਲੀ ਉਤਪਾਦਨ ਸਮਰੱਥਾ ਤੋਂ ਘੱਟ ਹੈ। ਬਿਜਲੀ ਮੰਤਰੀ ਨੇ ਥਰਮਲ ਪਲਾਂਟ ਦਾ ਨਿਰੀਖਣ ਕਰਕੇ ਥਰਮਲ ਪ੍ਰਬੰਧਕਾਂ ਤੋਂ ਥਰਮਲ ਪਲਾਂਟ ਦੇ ਬੰਦ ਹੋਣ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਮੀਦ ਜਤਾਈ ਕਿ ਕੱਲ੍ਹ ਦੁਪਿਹਰ ਤੱਕ ਬਾਕੀ ਦੋਵੇਂ ਯੂਨਿਟ ਵੀ ਚੱਲ ਜਾਣਗੇ।


ਦੱਸ ਦੇਈਏ ਕਿ ਥਰਮਲ ਪਲਾਂਟ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਾਡੇ ਕੱਲ ਹੀ ਧਿਆਨ ਵਿੱਚ ਆਇਆ ਸੀ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਤਿੰਨ ਯੂਨਿਟ ਚੱਲਦੇ ਹਨ, ਇਹ ਤਿੰਨ ਦੇ ਤਿੰਨ ਯੂਨਿਟ ਬੰਦ ਹੋ ਗਏ ਸਨ। ਉਹਨਾਂ ਦੱਸਿਆ ਕਿ ਕਿਤੇ ਐਕਸਪੈਂਸ਼ਨ ਜੁਆਇੰਟ ਅਤੇ ਕਿਤੇ ਬੋਆਇਲਰ ਦੀ ਸਮੱਸਿਆ ਆ ਗਈ ਸੀ। ਉਹਨਾਂ ਕਿਹਾ ਕਿ ਅਸੀਂ ਆਪਣੀ ਟੀਮ ਨਾਲ ਪਲਾਂਟ ਦਾ ਦੌਰਾ ਕੀਤਾ ਹੈ ਅਤੇ ਪਲਾਂਟ ਵਿੱਚ ਆਈ ਮੁਸ਼ਕਿਲ ਦੀ ਜਾਂਚ ਲਈ ਅਸੀਂ ਜਾਂਚ ਟੀਮ ਬਣਾ ਰਹੇ ਹਾਂ।


ਉਹਨਾਂ ਕਿਹਾ ਕਿ ਅਸੀਂ ਪਲਾਂਟ ਦੀ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਉਹ ਪਲਾਂਟ ਦੀ ਮੁਰੰਮਤ ਦਾ ਕੰਮ ਨਵੰਬਰ ਮਹੀਨੇ ਜਾਂ ਸਰਦੀ ਦੇ ਮੌਸਮ ਵਿੱਚ ਕਰ ਲਿਆ ਕਰਨ। ਉਨ੍ਹਾਂ ਕਿਹਾ ਕਿ ਇਹਨਾਂ ਨੇ ਪਲਾਂਟ ਦੇ ਇੱਕ ਯੂਨਿਟ ਦਾ ਕੰਮ ਕੀਤਾ ਵੀ ਹੈ,‌ ਪਰ ਪੂਰੀ ਤਰ੍ਹਾਂ ਨਾਲ ਨਹੀਂ ਕਰ ਸਕੇ, ਜਿਸ ਕਰਕੇ ਇਹ ਮੁਸ਼ਕਿਲ ਪੈਦਾ ਹੋਈ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਇੱਕ ਯੂਨਿਟ ਚਲਾ ਲਿਆ ਹੈ ਤੇ ਯੂਨਿਟ ਨੰਬਰ ਦੋ ਅਤੇ ਇੱਕ ਦੇ ਕੱਲ ਦੁਪਿਹਰ ਤੱਕ ਚੱਲਣ ਦੀ ਸੰਭਾਵਨਾ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਬੇਸ਼ੱਕ ਸਾਡੇ ਇਹਨਾਂ ਯੂਨਿਟਾਂ ਦੇ ਵਿੱਚ ਸਮੱਸਿਆ ਆਈ ਹੈ, ਪਰ ਅਸੀਂ ਬਿਜਲੀ ਦੀ ਸਮੱਸਿਆ ਪੰਜਾਬ ਵਾਸੀਆਂ ਨੂੰ ਨਹੀਂ ਆਉਣ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਝੋਨੇ ਦਾ ਪੀਕ ਸੀਜ਼ਨ ਚੱਲ ਰਿਹਾ ਹੈ, ਪਰ ਅਸੀਂ ਹੋਰ ਵੀ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ ਅਤੇ ਇਸ ਲਈ ਕਿਸੇ ਗੱਲ ਤੋਂ ਵੀ ਘਬਰਾਉਣ ਦੀ ਲੋੜ ਨਹੀਂ ਹੈ।

Story You May Like