The Summer News
×
Friday, 10 May 2024

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਗਰਭਵਤੀ ਔਰਤਾਂ ਲਈ ਲਗਾਏ ਗਏ ਵਿਸ਼ੇਸ਼ ਕੈਂਪ: ਡਾ ਰੰਜੂ ਸਿੰਗਲਾ

ਸ੍ਰੀ ਮੁਕਤਸਰ ਸਾਹਿਬ 10 ਮਈ : ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਦੇਖਰੇਖ ਵਿੱਚ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਗਰਭਵਤੀਆਂ ਲਈ ਸਪੈਸ਼ਲ ਕੈਂਪ ਲਗਾਏ ਗਏ। ਡਾ ਰੰਜੂ ਸਿੰਗਲਾ  ਨੇ ਦੱਸਿਆ ਕਿ ਇਸ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ ਨੂੰ ਗਰਭਵਤੀ ਔਰਤਾਂ ਖਾਸ ਕਰਕੇ ਖਤਰੇ ਦੇ ਚਿਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸੀ.ਐਚ.ਸੀ. ਵਿੱਚ ਮੁਫਤ ਚੈਕ ਅੱਪ ਅਤੇ ਮੁਫਤ ਟੈਸਟ ਕੀਤੇ ਜਾਂਦੇ ਹਨ।


ਉਹਨਾ ਕਿਹਾ ਕਿ ਅੱਜ ਜਿਲ੍ਹੇ ਦੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਬਾਦਲ, ਆਲਮਵਾਲਾ, ਦੋਦਾ, ਚੱਕ ਸ਼ੇਰੇਵਾਲਾ ਅਤੇ ਲੰਬੀ ਵਿਖੇ ਗਰਭਵਤੀ ਔਰਤਾਂ ਦੇ ਸਾਰੇ ਟੈਸਟ ਅਤੇ ਚੈੱਕਅਪ ਮੁਫਤ ਕੀਤੇ ਗਏ। ਉਹਨਾਂ ਕਿਹਾ ਕਿ ਜੇਕਰ ਗਰਭਵਤੀ ਔਰਤ ਦੇ ਗਰਭ ਦੌਰਾਨ ਸਮੇ ਸਮੇਂ ਸਿਰ ਜਾਂਚ ਹੁੰਦੀ ਰਹੇ ਤਾਂ ਉਸ ਦਾ ਜਣੇਪਾ ਸੁਰੱਖਿਅਤ ਅਤੇ ਸੌਖਾ ਹੋ ਜਾਂਦਾ ਹੈ।


ਇਸ ਸਬੰਧ ਵਿਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਡਾ ਭੁਪਿੰਦਰਜੀਤ ਕੌਰ ਐਸ.ਐਮ.ਓ. ਨੇ ਸਮੂਹ ਆਸ਼ਾ ਨੂੰ ਕਿਹਾ ਕਿ ਉਹ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਜਰੂਰ ਲੈ ਕੇ ਆਉਣ ਤਾਂ ਜੋ ਗਰਭਵਤੀ ਮਾਵਾਂ ਦੇ ਸਮੇਂ ਸਿਰ ਲੋੜੀਂਦੇ ਟੈਸਟ ਕਰਕੇ ਅਤੇ ਸਿਹਤ ਸੇਵਾਵਾਂ ਦੇ ਕੇ ਜਨੇਪੇ ਦੋਰਾਨ ਆਉਣ ਵਾਲੇ ਖਤਰੇ ਨੂ ਟਾਲਿਆ ਜਾ ਸਕੇ ਅਤੇ ਸੁਰੱਖਿਅਤ ਜਨੇਪਾ ਕਰਵਾਇਆ ਜਾ ਸਕੇ।


ਉਹਨਾਂ ਕਿਹਾ ਕਿ ਹਰ ਗਰਭਵਤੀ ਔਰਤ ਨੂੰ  ਗਰਭ ਦੌਰਾਨ ਘੱਟੋਂ ਘੱਟ 4  ਵਾਰ ਆਪਣੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।ਇਸ ਮੌਕੇ ਡਾ. ਸਿਰਮਦੀਪ ਕੋਰ ਔਰਤ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਆਈਆਂ ਹੋਈਆਂ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਅਤੇ ਉਨ੍ਹਾ ਨੂੰ ਜਨੇਪੇ ਦੋਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ।ਉਨ੍ਹਾ ਕਿਹਾ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਪ੍ਰੇਸ਼ਨ ਵਾਲੇ ਅਤੇ ਨਾਰਮਲ ਜਨੇਪੇ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਔਰਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਔਰਤ ਨੂੰ ਜਨੇਪੇ ਲਈ ਘਰੋਂ ਲੈਕੇ ਆਉਣ ਅਤੇ ਜਨੇਪਾ ਹੋਣ ਉਪਰੰਤ ਘਰ ਛੱਡ ਕੇ ਆਉਣ ਦੀ ਮੁਫਤ ਸੁਵਿਧਾ ਦਿੱਤੀ ਜਾਂਦੀ ਹੈ।

Story You May Like