The Summer News
×
Saturday, 04 May 2024

ਡਿਪਟੀ ਕਮਿਸ਼ਨਰ ਵਲੋਂ ਐਂਡਵਾਂਸ ਬੰਨ੍ਹ ਦੇ ਅੰਦਰਵਾਰ ਰਹਿੰਦੇ ਲੋਕਾਂ ਨੂੰ ਇਹਤਿਆਤ ਵਰਤਣ ਦੀ ਕੀਤੀ ਅਪੀਲ

ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ 


ਕਪੂਰਥਲਾ, 31 ਜੁਲਾਈ: ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਅੰਦਰ ਬਿਆਸ ਦਰਿਆ ਦੇ ਕੈਚਮੈਂਟ ਖੇਤਰ ਅੰਦਰ ਮੀਂਹ ਦੇ ਕਾਰਨ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਕਪੂਰਥਲਾ ਜਿਲ੍ਹੇ ਦੇ ਮੰਡ ਖੇਤਰ ਦੇ ਐਂਡਵਾਂਸ ਬੰਨ੍ਹ ਅੰਦਰ ਦੇ ਪਿੰਡਾਂ, ਡੇਰਿਆਂ ਤੇ ਨੀਵੇਂ ਖੇਤਰਾਂ ਦੇ ਵਸਨੀਕਾਂ ਨੂੰ ਇਹਤਿਆਤ ਵਰਤਣ ਦੀ ਅਪੀਲ ਕੀਤੀ ਗਈ ਹੈ।


ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਖਤਰੇ ਵਾਲੀ ਕੋਈ ਸਥਿਤੀ ਨਹੀਂ ਹੈ ਪਰ  ਇਹਤਿਆਤ ਵਜੋਂ ਮੰਡ ਖੇਤਰ ਦੇ ਐਂਡਵਾਂਸ ਬੰਨ ਦੇ ਅੰਦਰਲੇ ਪਾਸੇ ਰਹਿੰਦੇ ਲੋਕਾਂ ਨੂੰ ਚੇਤੰਨ ਰਹਿਣ ਲਈ ਕਿਹਾ ਗਿਆ ਹੈ।


ਉਨ੍ਹਾਂ ਇਹ ਵੀ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜੱਠਿਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਦਰਿਆ ਵਿੱਚ ਆਇਆ ਪਾਣੀ ਆਸਾਨੀ ਨਾਲ ਪਾਸ ਹੋਣ ਦੀ ਉਮੀਦ ਹੈ ।


ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਕੰਮੇਵਾਲ, ਬਾਘੂਆਣਾ, ਰਾਜੇਵਾਲ, ਅੰਮ੍ਰਿਤਪੁਰ, ਪੱਤੀ ਸਫਦਰਪੁਰ, ਬਾਊਪੁਰ ਟਾਪੂ, ਸਰਦੁੱਲਾਪੁਰ, ਆਹਲੀ ਖੁਰਦ, ਆਹਲੀ ਕਲਾਂ, ਹੁਸੈਨਪੁਰ ਬੂਲੇ, ਕਰਮੂੰਵਾਲਾ ਪੱਤਣ, ਹਜ਼ਾਰਾ ਤੇ ਚੱਕ ਪੱਤੀ ਦੇ ਲੋਕਾਂ ਨੂੰ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ।


ਇਸ ਤੋਂ ਇਲਾਵਾ ਢਿਲਵਾਂ ਖੇਤਰ ਅੰਦਰ ਵੀ ਸੰਭਾਵੀ ਤੌਰ ’ਤੇ ਪ੍ਰਭਾਵਿਤ ਹੋ ਸਕਣ ਵਾਲੇ ਪਿੰਡਾਂ ਵਿਚ ਚਕੋਕੀ, ਮੰਡ ਚਕੋਕੀ, ਮੰਡ ਬੁਤਾਲਾ, ਮੰਡ ਢਿਲਵਾਂ, ਧਾਲੀਵਾਲ ਬੇਟ, ਮੰਡ ਢਿਲਵਾਂ ਬੇਟ, ਗੁਰਮੁਖ ਸਿੰਘ ਵਾਲਾ, ਮੰਡ ਰਾਮਪੁਰ, ਟੁਕੜਾ ਨੰਬਰ 3, ਮੰਡ ਭੰਡਾਲ, ਸੰਗੋਜਲਾ, ਮੰਡ ਸੰਗੋਜਲਾ, ਨਬੀ ਬਖਸ ਵਾਲਾ ਪਿੰਡਾਂ ਦੇ ਲੋਕਾਂ ਲਈ ਵੀ ਇਹਤਿਆਤ ਵਰਤਣ  ਲਈ ਕਿਹਾ ਗਿਆ ਹੈ।


ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅੰਦਰ ਦਰਿਆ ਬਿਆਸ ਦੇ ਖੇਤਰ ਅੰਦਰ ਤੇ ਚੱਕੀ ਦਰਿਆ ਵਿਚ ਭਾਰੀ ਮੀਂਹ ਕਾਰਨ ਦਰਿਆ ਬਿਆਸ ਅੰਦਰ ਪਾਣੀ ਦੀ ਪੱਧਰ ਵਧ ਰਿਹਾ ਹੈ,  ਜਿਸ ਦੇ ਮੱਦੇਨਜ਼ਰ ਹੇਠਲੇ ਇਲਾਕਿਆਂ ਤੇ ਵਿਸ਼ੇਸ਼ ਕਰਕੇ ਬਿਆਸ ਦਰਿਆਂ ਦੇ ਕਿਨਾਰੇ ਐਡਵਾਂਸ ਬੰਨ੍ਹ ਅੰਦਰ ਵਸਦੇ ਲੋਕ ਚੇਤੰਨ ਰਹਿਣ।


ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਮੂਹ ਅਧਿਕਾਰੀਆਂ ਤੇ ਵਿਸ਼ੇਸ ਕਰਕੇ ਸੁਲਤਾਨਪੁਰ ਲੋਧੀ ਤੇ ਭੁਲੱਥ ਹਲਕੇ ਦੇ ਐਸ.ਡੀ.ਐਮਜ਼, ਮਾਲ ਵਿਭਾਗ ਦੇ ਅਧਿਕਾਰੀਆਂ , ਪੇਂਡੂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਥਿਤੀ ’ਤੇ 24 ਘੰਟੇ ਨਿੱਜੀ ਤੌਰ ’ਤੇ ਨਿਗਰਾਨੀ ਰੱਖਣ।


ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਮੰਡ ਖੇਤਰ ਦੇ ਲਗਭਗ 27 ਪਿੰਡਾਂ ਅੰਦਰ ਸਰਪੰਚਾਂ, ਨੰਬਰਦਾਰਾਂ ਤੇ ਹੋਰ ਮੋਹਤਬਰ ਲੋਕਾਂ ਨਾਲ ਸੰਪਰਕ ਕਰਕੇ ਪਿੰਡਾਂ ਅੰਦਰ ਅਨਾਉਸਮੈਂਟਾਂ ਕਰਕੇ ਲੋਕਾਂ ਨੂੰ ਪਾਣੀ ਦੇ ਪੱਧਰ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ।


ਨੰਬਰਦਾਰਾਂ , ਸਰਪੰਚਾਂ, ਪੰਚਾਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਬਣਾਏ ਗਏ ਵਟਸਐਪ ਗਰੁੱਪਾਂ ਰਾਹੀਂ ਵੀ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਦਰਿਆ ਦੇ ਵਹਿਣ ਨੇੜੇ ਨਾ ਜਾਣ ਦੀ ਅਪੀਲ ਵੀ ਕੀਤੀ ਗਈ ਹੈ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਫਲੱਡ ਕੰਟਰੋਲ ਰੂਮ  ਨੰਬਰਾਂ ’ਤੇ ਵੀ ਲੋੜ ਅਨੁਸਾਰ ਸੰਪਰਕ ਕਰ ਸਕਦੇ ਹਨ।


ਉਨਾਂ ਕਿਹਾ ਕਿ 24 ਘੰਟੇ ਕੰਮ ਕਰਨ ਵਾਲਾ ਕੇਂਦਰੀਕਿ੍ਰਤ ਫਲੱਡ ਕੰਟਰੋਲ ਰੂਮ 98823-17651 ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਲ੍ਹਾ ਮਾਲ ਅਫਸਰ ਮੇਜਰ ਜੀ.ਪੀ. ਸਿੰਘ ਬੈਨੀਪਾਲ ਤੇ ਡਰੇਨਜ਼ ਵਿਭਾਗ ਦੇ ਐਸ.ਡੀ.ਓ. ਗੁਰਚਰਨ ਸਿੰਘ ਪੰਨੂ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ।


 


 


Story You May Like