The Summer News
×
Friday, 10 May 2024

ਸਿਹਤ ਵਿਭਾਗ ਵਲੋਂ ਬਜੁਰਗਾਂ ਨੂੰ ਪਹਿਲ ਦੇ ਅਧਾਰ ਤੇ ਮੁਫਤ ਦਿੱਤੀਆਂ ਜਾ ਰਹੀਆਂ ਹਨ ਸਿਹਤ ਸਹੂਲਤਾਂ : ਡਾ. ਕਿਰਨਦੀਪ ਕੌਰ

ਸ੍ਰੀ ਮੁਕਤਸਰ ਸਾਹਿਬ, 22 ਫ਼ਰਵਰੀ : ਸਿਹਤ ਵਿਭਾਗ ਵਲੋਂ ਬਜੁਰਗਾਂ ਦੀ ਚੰਗੀ ਸਿਹਤ ਸੰਭਾਲ ਲਈ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਅਧੀਨ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਜੁਰਗਾਂ ਨੂੰ ਪਹਿਲ ਦੇ ਅਧਾਰ ਤੇ ਮੁਫਤ ਸਿਹਤ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਿਰਨਦੀਪ ਕੌਰ ਜਿਲ਼੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਬਜੂਰਗ ਸਾਡੇ ਸਮਾਜ ਦਾ ਸਰਮਾਇਆ ਹੈ, ਇਨ੍ਹਾਂ ਦੀ ਸਾਂਭ ਸੰਭਾਲ ਅਤੇ ਮੁਸ਼ਕਲਾਂ ਦਾ ਹੱਲ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ।ਉਨ੍ਹਾ ਕਿਹਾ ਕਿ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਜੁਰਗਾਂ ਲਈ ਵੱਖਰੀ ਓ.ਪੀ.ਡੀ. ਕਤਾਰ ਲਗਾਈ ਜਾਂਦੀ ਹੈ, ਇਸ ਤੋਂ ਇਲਾਵਾ ਬਜੁਰਗਾਂ ਦੇ ਲੈਬ ਟੈਸਟ, ਦਵਾਈਆਂ, ਈ.ਸੀ.ਜੀ., ਐਕਸਰੇ, ਫਿਜ਼ੀਉਥੈਰਪੀ ਆਦਿ ਸੇਵਾਵਾਂ ਮੁਫਤ ਅਤੇ ਪਹਿਲ ਦੇ ਅਧਾਰ ਤੇ ਉਪਲੱਬਧ ਕਰਵਾਈਆਂ ਜਾਂਦੀਆਂ ਹਨ।


ਸਰਕਾਰੀ ਹਸਪਤਾਲਾਂ ਵਿਚ ਬਜੁਰਗਾਂ ਨੂੰ ਦਾਖਲ ਕਰਨ ਲਈ ਰਾਖਵੇਂ ਬੈੱਡ ਰੱਖੇ ਗਏ ਹਨ ਤਾਂ ਜੋ ਉਨ੍ਹਾ ਨੂੰ ਇਲਾਜ ਕਰਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।ਉਨ੍ਹਾ ਕਿਹਾ ਕਿ ਬਜੁਰਗਾਂ ਨੂੰ ਸਿਹਤਮੰਦ ਰਹਿਣ ਲਈ ਨਿਯਮਤ ਕਸਰਤ ਕਰਨੀ ਚਾਹੀਦੀ ਹੈ, ਆਲਸ ਤੋਂ ਬਚਣਾ ਚਾਹੀਦਾ ਹੈ, ਸਮੇਂ ਸਿਰ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਨਿੱਜੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ।ਉਨ੍ਹਾ ਕਿਹਾ ਕਿ ਬਜੁਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਬਜੁਰਗ ਹੈਲਪਲਾਈਨ (ਐਲਡਰਲੀ ਲਾਈਨ) ਨੰਬਰ 14567 ਸ਼ੁਰੂ ਕੀਤਾ ਗਿਆ ਹੈ, ਜਿਸ ਉਪਰ ਬਜੁਰਗ ਕਿਸੇ ਵੀ ਸਮੇਂ ਕਾਲ ਕਰਕੇ ਸਮੱਸਿਆ ਦੱਸ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਬਜੁਰਗ ਹੈਲਪਲਾਈਨ ਨੰਬਰ ਰਾਹੀਂ ਮਾਨਸਿਕ, ਸਰੀਰਕ ਅਤੇ ਸਮਾਜਿਕ ਤਨਾਓ ਵਰਗੀਆਂ ਸਮੱਸਿਆਵਾਂ ਨੂੰ ਬਜੁਰਗ ਸਾਂਝਾ ਕਰ ਸਕਦੇ ਹਨ।
ਇਸ ਸਬੰਧੀ ਬਣਾਈ ਟੀਮ ਵੱਲੋਂ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਬੰਦਨਾ ਬਾਂਸਲ ਡੀ.ਐਮ.ਸੀ, ਡਾ. ਦੁਪਿੰਦਰ ਕੁਮਾਰ ਡੀ.ਐਚ.ਓ., ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਹਾਜ਼ਰ ਸਨ।

Story You May Like