The Summer News
×
Wednesday, 15 May 2024

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਕਣਕ ਦੀ ਵੰਡ ਦਾ ਅਚਨਚੇਤ ਜਾਇਜ਼ਾ

ਨਵਾਂਸ਼ਹਿਰ, 28 ਜੂਨ : ਪੰਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਪ੍ਰਧਾਨ ਕੌਮੀ ਅੰਨ ਸੁਰੱਖਿਆ ਐਕਟ ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਨੇ ਰੇਲਵੇ ਰੋਡ ਸਥਿਤ ਸਰਕਾਰੀ ਡਿਪੂ , ਬੰਗਾ ਸਥਿਤ ਡੀਪੂ ਅਤੇ ਪਿੰਡ ਮੱਲਾ ਸੋਢੀਆਂ ਬਹਿਰਾਮ ਵਿਖੇ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਵੰਡ ਦਾ ਨਿਰੀਖਣ ਕਰਦਿਆਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਨਾ ਵਸੂਲੇ ਜਾਣ ਬਾਰੇ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ  ਫ਼ੂਡ ਕਮਿਸ਼ਨ ਨੂੰ ਕੌਮੀ ਅੰਨ ਸੁਰੱਖਿਆ ਕਾਨੂੰਨ ਦੀ ਜ਼ਮੀਨੀ ਪੱਧਰ ‘ਤੇ ਲਾਗੂ ਹੋਣਾ ਯਕੀਨੀ ਬਣਾਉਣਾ ਅਤੇ ਲਾਭਪਾਤਰੀਆਂ ਤੱਕ ਇਸ ਐਕਟ ਤਹਿਤ ਅਨਾਜ ਪੁੱਜਦਾ ਯਕੀਨੀ ਬਣਾਉਣਾ ਹੈ।


ਫ਼ੂਡ ਕਮਿਸ਼ਨ ਦੇ ਮੈਂਬਰ ਨੇ ਇਸ ਮੌਕੇ ਮੌਜੂਦ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਰੇਨੂ ਬਾਲਾ ਨੂੰ ਅਨਾਜ ਦੀ ਵੰਡ ਵਿੱਚ ਪਾਰਦਰਸ਼ਤਾ ਬਰਕਰਾਰ ਰੱਖਣ ਦੀ ਤਾਕੀਦ ਕਰਦਿਆਂ, ਹਰੇਕ ਲੋੜਵੰਦ ਤੱਕ ਉਸ ਦੇ ਬਣਦੇ ਲਾਭ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਆਖਿਆ।ਉਨ੍ਹਾਂ ਦੱਸਿਆ ਕਿ ਹਰ ਡਿਪੂ ਵਿੱਚ ਬਾਇਓਮੈਟ੍ਰਕ ਮਸ਼ੀਨ ਅਤੇ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ ਵੀ ਦਿੱਤੀ ਜਾ ਰਹੀ ਹੈ, ਜਿਸਦਾ ਸਰਕਾਰ ਵਲੋਂ ਟੈਂਡਰ ਵੀ ਲਗਾ ਦਿੱਤਾ ਗਿਆ ਹੈ। ਇਸ ਮੌਕੇ ਡੀ ਐਫ ਐਸ ਸੀ ਨੇ ਮੈਂਬਰ ਫ਼ੂਡ ਕਮਿਸ਼ਨ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ 87,930 ਸਮਾਰਟ ਕਾਰਡ ਧਾਰਕ ਪਰਿਵਾਰ ਹਨ, ਜਿਨ੍ਹਾਂ ਦੇ 3.28 ਲੱਖ ਮੈਂਬਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਮੈਂਬਰ 5 ਕਿਲੋਗ੍ਰਾਮ ਕਣਕ ਦੀ ਵੰਡ ਦਾ ਕੋਟਾ ਨਿਰਧਾਰਿਤ ਹੈ ਅਤੇ 3 ਮਹੀਨੇ ਦੀ ਇਕੱਠੀ ਕਣਕ ਆਉਣ ਕਾਰਨ, 15 ਕਿਲੋਗ੍ਰਾਮ ਪ੍ਰਤੀ ਮੈਂਬਰ ਦਾ ਕੋਟਾ ਵੰਡਿਆ ਜਾ ਰਿਹਾ ਹੈ।


ਉਨ੍ਹਾਂ  ਨੇ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਪਾਰਦਰਸ਼ਤਾ ਬਣਾਈ ਰੱਖਣ ਲਈ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ) ਰਾਹੀਂ ਕੀਤੀ ਜਾ ਰਹੀ ਵੰਡ ਦੌਰਾਨ ਅੱਜ ਕੱਢੀ ਗਈ ਪਰਚੀ ’ਤੇ ਅੱਜ ਹੀ ਵੰਡ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਸ ਮੌਕੇ ਫ਼ੂਡ ਕਮਿਸ਼ਨ ਦੇ ਹੈਲਪ ਲਾਈਨ ਨੰਬਰ 98767-64545 ਅਤੇ ਵੈਬਸਾਈਟ psfc.punjab.gov.in ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਅਨਾਜ ਦੀ ਪ੍ਰਾਪਤੀ ਵਿੱਚ ਕੋਈ ਵੀ ਮੁਸ਼ਕਿਲ ਆਵੇ, ਤਾਂ ਉਹ ਉਕਤ ਫ਼ੋਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਲਾਵਾ ਕਮਿਸ਼ਨ ਦੀ ਵੈਬਸਾਈਟ ’ਤੇ ਵੀ ਆਪਣੀ ਮੁਸ਼ਕਿਲ ਦੱਸ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੇ ਡਿਪੂਆਂ ਵਿੱਚ ਕਣਕ ਲੈਣ ਆਏ ਲੋਕਾਂ ਦੀਆਂ ਸਮੱਸਿਆਵਾਂ ਵੀ ਸੁੱਣੀਆਂ ਅਤੇ ਮੌਕੇ ‘ਤੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।ਇਸ ਮੌਕੇ ਖੁਰਾਕ ਸਪਲਾਈ ਵਿਭਾਗ ਦੇ  ਇੰਸਪੈਕਟਰ ਜਤਿੰਦਰ ਸਿੰਘ ਵੀ ਮੌਜੂਦ ਸਨ।

Story You May Like