The Summer News
×
Friday, 10 May 2024

ਜ਼ਿਲ੍ਹਾ ਮੁਹਾਲੀ ਵਿਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਨੂੰ ਟਾਲਣ ਲਈ DC ਆਸ਼ਿਕਾ ਜੈਨ ਨੇ ਪ੍ਰਸ਼ਾਸਨਿਕ ਟੀਮ ਨੂੰ ਕੀਤਾ ਚੌਕਸ

ਐਸ.ਏ.ਐਸ.ਨਗਰ, 08 ਜੁਲਾਈ, 2023 : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ, ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੂਰੀ ਤਰ੍ਹਾਂ ਮੁਸਤੈਦ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਉਪ ਮੰਡਲ (ਸਬ ਡਵੀਜ਼ਨ) ਪ੍ਰਸ਼ਾਸਨਿਕ ਟੀਮਾਂ ਨੇ ਸਵੇਰ ਤੋਂ ਹੀ ਬਾਰਿਸ਼ ਸ਼ੁਰੂ ਹੋਣ ਦੇ ਮੱਦੇਨਜ਼ਰ ਚੌਕਸ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਏ.ਡੀ.ਸੀ (ਯੂ.ਡੀ.) ਦਮਨਦੀਪ ਸਿੰਘ ਮਾਨ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਤਿਆਰੀਆਂ 'ਤੇ ਨੇੜਿਓਂ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ, ਜਦਕਿ ਏ.ਡੀ.ਸੀ. (ਜਨਰਲ) ਪਰਮਦੀਪ ਸਿੰਘ ਅਤੇ ਡੀ.ਆਰ.ਓ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਪਾਣੀ ਦੇ ਸਰੋਤਾਂ ਅਤੇ ਵਹਾਅ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ।


ਇਸੇ ਦੌਰਾਨ ਤਿੰਨੋਂ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਪਾਣੀ ਦੇ ਵਹਾਅ ਦੀ ਚੈਕਿੰਗ ਕਰਦੇ ਰਹਿਣ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਲਈ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਮੀਂਹ ਦੇ ਪਾਣੀ ਵਿੱਚ ਡੁੱਬੇ ਡੇਰਾਬੱਸੀ ਵਿਖੇ ਰੇਲਵੇ ਅੰਡਰਪਾਸ ਮੁਬਾਰਕਪੁਰ ਅਤੇ ਜਨੇਤਪੁਰ ਵਿਖੇ ਇੱਕ-ਇੱਕ ਫਾਇਰ ਬ੍ਰਿਗੇਡ ਤਾਇਨਾਤ ਕਰਕੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਦੋਵੇਂ ਅੰਡਰਪਾਥਾਂ ਨੂੰ ਚਾਲੂ ਰੱਖਣ ਲਈ ਮੀਂਹ ਦਾ ਪਾਣੀ ਪੰਪਾਂ ਰਾਹੀਂ ਬਾਹਰ ਕੱਢਿਆ ਗਿਆ।


ਉਨ੍ਹਾਂ ਅੱਗੇ ਦੱਸਿਆ ਕਿ ਜ਼ੀਰਕਪੁਰ ਵਿੱਚ ਜੇ.ਸੀ.ਬੀ., ਟਰੈਕਟਰ ਟਰਾਲੀਆਂ, ਮੱਡ ਪੰਪ, ਪਾਣੀ ਖਿੱਚਣ ਵਾਲੇ ਟੈਂਕਰ, ਸਟੀਲ ਦੇ ਪੀਣ ਵਾਲੇ ਪਾਣੀ ਦੇ ਟੈਂਕਰ ਅਤੇ ਜੈਟਿੰਗ ਮਸ਼ੀਨਾਂ ਐਮਰਜੈਂਸੀ ਸੇਵਾਵਾਂ ਵਿੱਚ ਰਾਹਤ ਪਹੁੰਚਾਉਣ ਲਈ ਉਪਲਬਧ ਰੱਖੀਆਂ ਗਈਆਂ। ਡਿਪਟੀ ਕਮਿਸ਼ਨਰ ਅਨੁਸਾਰ ਖਰੜ ਵਿੱਚ, ਲਾਂਡਰਾ ਰੋਡ 'ਤੇ ਇੱਕ ਇਮਾਰਤ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਲੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਦੀਆਂ ਸੜਕਾਂ ਤੋਂ ਬਾਰਸ਼ੀ ਪਾਣੀ ਦੀ ਨਿਕਾਸੀ ਲਈ ਛੇ ਟਰੈਕਟਰਾਂ ਸਮੇਤ 12 ਪੰਪਾਂ ਨੂੰ ਲਗਾਇਆ ਗਿਆ ਹੈ।


ਦੱਸ ਦੇਈਏ ਕਿ ਜੈਨ ਨੇ ਇਹ ਵੀ ਕਿਹਾ ਕਿ ਪਿੰਡ ਟਿਵਾਣਾ ਵਿਖੇ ਘੱਗਰ ਦੇ ਨਾਜ਼ੁਕ ਪੁਆਇੰਟ ਜਿੱਥੇ ਇਹ ਤਿੱਖਾ ਮੋੜ ਲੈਂਦਾ ਹੈ, ਦੀ ਵੀ ਡਰੇਨੇਜ, ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋੜੀਂਦੀ ਮਾਤਰਾ ਵਿੱਚ ਰੇਤ ਦੀਆਂ ਬੋਰੀਆਂ ਤਿਆਰ ਰੱਖ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨੂੰ ਤੁਰੰਤ ਨਜਿੱਠਿਆ ਜਾ ਸਕੇ। ਡੀ ਸੀ ਆਸ਼ਿਕਾ ਜੈਨ ਨੇ ਕਿਹਾ ਕਿ ਸਾਰੇ ਐਸ.ਡੀ.ਐਮਜ਼ ਅਤੇ ਈ.ਓਜ਼ ਅਤੇ ਬੀ.ਡੀ.ਪੀ.ਓਜ਼ ਹੜ੍ਹਾਂ ਦੀ ਰੋਕਥਾਮ ਲਈ ਆਪੋ-ਆਪਣੇ ਖੇਤਰਾਂ ਦੀ ਜਾਂਚ ਕਰਨ ਦੇ ਨਾਲ-ਨਾਲ ਪ੍ਰਭਾਵਿਤ/ਨਾਜ਼ੁਕ ਖੇਤਰਾਂ ਵਿੱਚ ਪੰਪਿੰਗ ਮਸ਼ੀਨਾਂ ਤਾਇਨਾਤ ਕਰਨ ਅਤੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਲੋੜ ਅਨੁਸਾਰ ਹੋਰ ਰੋਕਥਾਮ ਉਪਾਅ ਕਰਨ ਲਈ ਕਿਹਾ ਗਿਆ ਹੈ।ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਤੇਜ਼ ਮੀਂਹ ਤੋਂ ਬਾਅਦ ਘੱਗਰ ਦੇ ਭਾਂਖਰਪੁਰ ਗੇਜ਼ ਤੇ 4 ਫੁੱਟ ਦਾ ਵਹਾਅ ਦਰਜ ਕੀਤਾ ਗਿਆ ਜੋ ਕਿ ਹੜ੍ਹ (ਲੋਅ ਫ਼ਲੱਡ) ਦੇ ਨਿਸ਼ਾਨ ਭਾਵ 7 ਫੁੱਟ ਤੋਂ ਕਾਫੀ ਹੇਠਾਂ ਹੋਣ ਕਾਰਨ ਖਤਰੇ ਵਾਲੀ ਕੋਈ ਗੱਲ ਨਹੀਂ।

Story You May Like