The Summer News
×
Saturday, 11 May 2024

ਰਾਜਿੰਦਰਾ ਹਸਪਤਾਲ ਦੇ ਦਿਲ ਰੋਗਾਂ ਦੇ ਵਿਭਾਗ ਨੇ ਇੱਕ ਦਿਨ 'ਚ ਦਿਲ ਦੇ ਛੇਕ ਬੰਦ ਕਰਨ ਦੇ ਚਾਰ ਗੁੰਝਲਦਾਰ ਓਪਰੇਸ਼ਨ ਕਰਕੇ ਮਾਅਰਕਾ ਮਾਰਿਆ

ਪਟਿਆਲਾ, 9 ਅਪ੍ਰੈਲ:  ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇੱਕ ਦਿਨ ਵਿੱਚ ਦਿਲ ਦੇ ਛੇਕ ਬੰਦ ਕਰਨ ਦੇ ਚਾਰ ਗੁੰਝਲਦਾਰ ਓਪਰੇਸ਼ਨ ਕਰਕੇ ਮਾਅਰਕਾ ਮਾਰਿਆ ਹੈ। ਪੀਜੀਆਈ ਤੋਂ ਬਾਹਰ ਕੀਤੀਆਂ ਗਈਆਂ ਇਸ ਕਿਸਮ ਦੀਆਂ ਸਰਜਰੀਆਂ ਨੇ ਮੌਜੂਦਾ ਪੰਜਾਬ ਸਰਕਾਰ ਦੇ ਸਮੇਂ ਰਜਿੰਦਰਾ ਹਸਪਤਾਲ ਵਿੱਚ ਹੋਏ ਬੁਨਿਆਦੀ ਸੁਧਾਰਾਂ 'ਤੇ ਮੋਹਰ ਲਗਾਈ ਹੈ।

 

ਕਾਰਡੀਓਲੋਜੀ ਵਿਭਾਗ ਦੇ ਇੰਚਾਰਜ ਤੇ ਸਹਾਇਕ ਪ੍ਰੋਫੈਸਰ ਡਾ. ਸੌਰਭ ਸ਼ਰਮਾ, ਜਿਨ੍ਹਾਂ ਨੇ ਇਸ ਵੱਡੀ ਪ੍ਰਾਪਤੀ ਕਰਨ ਵਾਲੀ ਟੀਮ ਦੀ ਅਗਵਾਈ ਕੀਤੀ, ਨੇ ਦੱਸਿਆ ਕਿ ਇਹ ਸਰਜਰੀਆਂ ਇਸ ਖੇਤਰ ਵਿੱਚ ਕੀਤੀਆਂ ਜਾਣ ਵਾਲੀਆਂ ਪਹਿਲੀਆਂ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਮਿਲੀ ਸਰਪ੍ਰਸਤੀ ਹੇਠ "ਰਜਿੰਦਰਾ ਹਸਪਤਾਲ ਵਿੱਚ 2022 ਤੋਂ ਦਿਲ ਦੇ ਰੋਗਾਂ ਦਾ ਇਲਾਜ਼ ਸਫ਼ਲਤਾ ਪੂਰਵਕ ਕੀਤਾ ਜਾ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਦੋ 7 ਸਾਲ ਦੀਆਂ ਲੜਕੀਆਂ ਵਿੱਚ ਪੀਡੀਏ (ਗੰਭੀਰ ਕਿਸਮ ਦੇ ਛੇਕ) ਬੰਦ ਕੀਤੇ ਗਏ ਸਨ ਅਤੇ ਇਹਨਾਂ ਤੋਂ ਇਲਾਵਾ ਇੱਕ 16 ਸਾਲ ਦੀ ਲੜਕੀ ਤੇ ਇਕ 25 ਸਾਲ ਦੀ ਮਹਿਲਾ ਮਰੀਜ ਦੇ ਦਿਲ ਵਿਚ ਅਜਿਹੇ ਛੇਕ ਸਨ, ਜਿਨ੍ਹਾਂ ਨੂੰ ਇੱਕ ਦਿਨ ਵਿਚ ਬੰਦ ਕਰਨ ਦੀ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਦੋ ਵੱਡੇ ਏਐਸਡੀ, ਇੱਕ 44 ਐਮਐਮ ਅਤੇ 42 ਐਮਐਮ ਡਿਵਾਈਸ ਦੀ ਵਰਤੋਂ ਕਰਕੇ ਬੰਦ ਕੀਤੇ ਗਏ ਹਨ।  

 

ਡਾ. ਸੌਰਭ ਸ਼ਰਮਾ ਨੇ ਦੱਸਿਆ ਕਿ ਇਹ ਉਪਰੇਸ਼ਨ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਥ ਲੈਬ 2021 ਤੋਂ ਸ਼ੁਰੂ ਹੋਣ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ 700 ਤੋਂ ਵੱਧ ਮਰੀਜ਼ਾਂ ਨੇ ਕੋਰੋਨਰੀ ਐਂਜੀਓਗ੍ਰਾਫੀ, ਕੋਰੋਨਰੀ ਐਂਜੀਓਪਲਾਸਟੀ ਪੇਸਮੇਕਰ ਇਮਪਲਾਂਟੇਸ਼ਨ, ਏਐਸਡੀ ਡਿਵਾਈਸ ਕਲੋਜ਼ਰ, ਪੀਡੀਏ ਡਿਵਾਈਸ ਕਲੋਜ਼ਰ ਅਤੇ ਪੈਰੀਫਿਰਲ ਐਂਜੀਓਪਲਾਸਟੀ ਵਰਗੀਆਂ ਕਾਰਡੀਆਕ ਇੰਟਰਵੈਂਸ਼ਨ ਸੇਵਾਵਾਂ ਪ੍ਰਾਪਤ ਕੀਤੀਆਂ ਹਨ।ਇਹ ਸਾਰਾ ਇਲਾਜ ਆਯੁਸ਼ਮਾਨ ਯੋਜਨਾ ਦੇ ਤਹਿਤ ਮੁਫਤ ਕੀਤਾ ਜਾਂਦਾ ਹੈ।

 

ਡਾ: ਸੌਰਭ ਸ਼ਰਮਾ ਨੇ ਇਸ ਸਫ਼ਲਤਾ ਲਈ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਉਨ੍ਹਾਂ ਦੀ ਪੂਰੀ ਕੈਥ ਲੈਬ ਟੀਮ, ਅਨੈਸਥੀਸੀਆ ਦੇ ਪ੍ਰੋਫੈਸਰ ਡਾ. ਕਲੇਰ, ਸਹਾਇਕ ਪ੍ਰੋਫੈਸਰ, ਕਾਰਡੀਆਕ ਅਨੱਸਥੀਸੀਆ ਡਾ. ਤਨਵੀਰ ਦਾ ਧੰਨਵਾਦ ਕੀਤਾ ਹੈ। ਇਸੇ ਦੌਰਾਨ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ  ਰਾਜਿੰਦਰਾ ਹਸਪਤਾਲ ਦੇ ਦਿਲ ਰੋਗਾਂ ਦੇ ਵਿਭਾਗ ਦੇ ਮਾਹਰਾਂ ਦੀ ਸ਼ਲਾਘਾ ਕੀਤੀ ਹੈ।

Story You May Like