The Summer News
×
Thursday, 16 May 2024

ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦਾ ਨੀਂਹ ਪੱਥਰ 12 ਜੂਨ ਨੂੰ-ਬਲਜੀਤ ਕੌਰ

ਮਲੋਟ, 11 ਜੂਨ :  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਤਹਿਤ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਇਸਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ 12 ਜੂਨ ਨੂੰ ਰੱਖਿਆ ਜਾ ਰਿਹਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦਿੱਤੀ ਹੈ।


ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮੁੱਖ ਸੜਕ ਸੀ ਅਤੇ ਪਿੱਛਲੇ ਕਈ ਸਾਲਾਂ ਤੋਂ ਇਹ ਸੜਕ ਬੇਹੱਦ ਖਸਤਾ ਹਾਲ ਸੀ ਅਤੇ ਨਾ ਕੇਵਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੋਕ ਸਗੋਂ ਇਸ ਮਾਰਗ ਰਾਹੀਂ ਜਾਣ ਵਾਲੇ ਹੋਰ ਲੋਕ ਵੀ ਇਸ ਸੜਕ ਦੇ ਨਾ ਬਣਨ ਕਾਰਨ ਪ੍ਰੇਸਾਨ ਸਨ ਪਰ ਪੰਜਾਬ ਸਰਕਾਰ ਨੇ ਇਕ ਇਕ ਕਰਕੇ ਇਸ ਸੜਕ ਵਿਚ ਆ ਰਹੇ ਅੜਿੱਕੇ ਦੂਰ ਕਰਕੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਦਾ ਸੁਭ ਦਿਨ ਲੈ ਆਂਦਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਇਹ ਕੌਮੀ ਰਾਜ ਮਾਰਗ ਨੰਬਰ 354 ਦਾ ਭਾਗ ਹੋਵੇਗਾ ਅਤੇ ਇਸਦੀ ਕੁੱਲ ਲਾਗਤ 152.58 ਕਰੋੜ ਰੁਪਏ ਹੋਵੇਗੀ। ਇਸਦੀ ਕੁੱਲ ਲੰਬਾਈ 27.660 ਕਿਲੋਮੀਟਰ ਹੋਵੇਗੀ ਅਤੇ ਦਿਹਾਤੀ ਖੇਤਰਾਂ ਵਿਚ ਇਸਦੀ ਚੌੜਾਈ 10 ਮੀਟਰ ਅਤੇ ਬਿਲਡ ਅੱਪ ਖੇਤਰਾਂ ਵਿਚ 12 ਮੀਟਰ ਹੋਵੇਗੀ। ਨਿਰਮਾਣ ਕਰਨ ਲਈ ਕੰਮ ਦੀ ਅਲਾਟਮੈਂਟ ਹੋ ਗਈ ਹੈ ਅਤੇ ਨਿਰਮਾਣ ਲਈ ਲੋੜੀਂਦੇ ਸਮਾਨ ਦੀ ਵੀ ਵਿਵਸਥਾ ਕਰ ਲਈ ਗਈ ਹੈ।


ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕ ਅਤੇ ਖਾਸ ਕਰਕੇ ਮਲੋਟ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਸ ਸੜਕ ਦੇ ਕੰਮ ਦੀ ਸ਼ੁਰੂਆਤ ਹੋਣ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਉਹ ਦਿਨ ਆ ਗਿਆ ਹੈ ਜਦ 12 ਜੂਨ 2023 ਨੂੰ ਸਵੇਰੇ 11 ਵਜੇ ਪੀਡਬਲਯੂਡੀ ਦਫ਼ਤਰ ਮਲੋਟ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਾਵੇਗੀ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਵੀ ਇਸ ਸੁਭ ਮੌਕੇ ਤੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਹੈ।

Story You May Like